ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਅੱਜ ਵੀ 34 ਹੋਰ ਨਵੇਂ ਕੇਸ ਆਏ, ਜਿਸ ‘ਚ 3 ਕੇਸ ਵਾਇਕਾਟੋ ਦੇ ਹਨ

ਵੈਲਿੰਗਟਨ, 9 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 34 ਹੋਰ ਨਵੇਂ ਕੇਸ ਸਾਹਮਣੇ ਆਏ ਅਤੇ ਇਨ੍ਹਾਂ ਵਿੱਚੋਂ 31 ਕੇਸ ਆਕਲੈਂਡ ਦੇ ਹਨ ਅਤੇ 3 ਕੇਸ ਵਾਇਕਾਟੋ ਦੇ ਹਨ। ਜਦੋਂ ਕਿ ਮੈਨੇਜਡ ਆਈਸੋਲੇਸ਼ਨ ਵਿੱਚ ਅੱਜ 2 ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ 34 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 1,527 ਹੋ ਗਈ ਹੈ। ਵਾਇਕਾਟੋ ਵਿੱਚ ਸਾਰੇ ਕੇਸ ਲਿੰਕਡ ਹਨ ਜਦੋਂ ਕਿ ਆਕਲੈਂਡ ਵਿਚਲੇ 11 ਕੇਸਾਂ ਨੂੰ ਅਜੇ ਲਿੰਕ ਕੀਤਾ ਜਾਣਾ ਬਾਕੀ ਹੈ।
ਹਸਪਤਾਲ ਵਿੱਚ 26 ਮਰੀਜ਼ ਹਨ ਜਿਨ੍ਹਾਂ ਵਿੱਚੋਂ 7 ਕੇਸ ਸਖ਼ਤ ਦੇਖਭਾਲ (ICU) ਵਿੱਚ ਹਨ। ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ 3 ਨੌਰਥ ਸ਼ੋਰ ਹਸਪਤਾਲ, 13 ਮਿਡਲਮੋਰ ਹਸਪਤਾਲ ਅਤੇ 8 ਆਕਲੈਂਡ ਸਿਟੀ ਹਸਪਤਾਲ, 1 ਕੇਸ ਵਾਇਕਾਟੋ ਬੇਸ ਹਸਪਤਾਲ ਅਤੇ 1 ਕੇਸ ਪਾਲਮਰਸਟਨ ਨੌਰਥ ਵਿੱਚ ਹੈ। ਜ਼ਿਕਰਯੋਗ ਹੈ ਕਿ ਪਾਲਮਰਸਟਨ ਨੌਰਥ ਹਸਪਤਾਲ ਦਾ ਕੇਸ ਆਕਲੈਂਡ ਦੇ ਡਰਾਈਵਰ ਦਾ ਹੈ ਜਿਸ ਦਾ ਟੈੱਸਟ ਪਾਜ਼ੇਟਿਵ ਆਇਆ ਅਤੇ ਉਹ ਆਈਸੋਲੇਟ ਹੈ।
ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ‘ਚ 23,735 ਟੈੱਸਟ ਕੀਤੇ ਗਏ ਹਨ। ਦੇਸ਼ ਭਰ ਵਿੱਚ ਕੱਲ੍ਹ ਕੋਵਿਡ -19 ਦੀਆਂ ਕੁੱਲ 85,757 ਖ਼ੁਰਾਕਾਂ ਦਿੱਤੀਆਂ ਗਈਆਂ, ਜਿਨ੍ਹਾਂ ਵਿੱਚ ਪਹਿਲੀ ਖ਼ੁਰਾਕ ਵਾਲੇ 18,568 ਅਤੇ ਦੂਜੀ ਖ਼ੁਰਾਕ ਵਾਲੇ 67,189 ਹਨ। ਆਕਲੈਂਡ ਵਾਸੀਆਂ ਨੂੰ ਕੱਲ੍ਹ 32,051 ਖ਼ੁਰਾਕਾਂ ਦਿੱਤੀਆਂ ਗਈਆਂ।