ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ 129 ਹੋਰ ਨਵੇਂ ਕੇਸ ਆਏ

ਵੈਲਿੰਗਟਨ, 22 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 129 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਅੱਜ ਦੇ ਇਨ੍ਹਾਂ ਨਵੇਂ ਕੇਸਾਂ ਵਿੱਚੋਂ 120 ਕੇਸ ਆਕਲੈਂਡ ਦੇ ਅਤੇ 9 ਕੇਸ ਵਾਇਕਾਟੋ ਦੇ ਹਨ। ਅੱਜ ਸਵੇਰੇ ਹੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਲੌਕਡਾਉਨ ‘ਚੋਂ ਬਾਹਰ ਨਿਕਲਣ ਲਈ ਨਵੇਂ ਟਰੈਫ਼ਿਕ ਲਾਈਟ ਸਿਸਟਮ ਦਾ ਖ਼ੁਲਾਸਾ ਕੀਤਾ। ਜਦੋਂ ਕਿ ਬਾਰਡਰ ਤੋਂ 5 ਕੇਸ ਆਏ ਹਨ, ਜੋ ਮੈਨੇਜਡ ਆਈਸੋਲੇਸ਼ਨ ਵਿੱਚ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ 129 ਕੇਸਾਂ ਵਿੱਚੋਂ 64 ਕੇਸ ਲਿੰਕ ਹਨ (ਇਨ੍ਹਾਂ ਵਿੱਚ 25 ਕੇਸ ਘਰੇਲੂ ਸੰਪਰਕ ਦੇ ਹਨ) ਅਤੇ 65 ਅਣਲਿੰਕ ਕੇਸ ਹਨ। ਅੱਜ ਦੇ ਨਵੇਂ 129 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 2,389 ਹੋ ਗਈ ਹੈ। ਹਸਪਤਾਲ ਵਿੱਚ 51 ਮਰੀਜ਼ ਹਨ ਜਿਨ੍ਹਾਂ ਵਿੱਚੋਂ 5 ਕੇਸ ਸਖ਼ਤ ਦੇਖਭਾਲ (ICU) ਵਿੱਚ ਹਨ। ਹਸਪਤਾਲ ਵਿੱਚ ਦਾਖ਼ਲ ਹੋਣ ਵਾਲਿਆਂ ਵਿੱਚੋਂ 8 ਨੌਰਥ ਸ਼ੋਰ ਹਸਪਤਾਲ, 18 ਮਿਡਲਮੋਰ ਹਸਪਤਾਲ, 24 ਆਕਲੈਂਡ ਸਿਟੀ ਹਸਪਤਾਲ ਅਤੇ 1 ਕੇਸ ਵਾਇਕਾਟੋ ਹਸਪਤਾਲ ਵਿੱਚ ਹੈ।