ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਅੱਜ 89 ਹੋਰ ਨਵੇਂ ਕੇਸ ਆਏ, 14 ਨਵੰਬਰ ਤੋਂ MIQ ਸਹੂਲਤ 14 ਦੀ ਥਾਂ 7 ਦਿਨਾਂ ਦੀ ਹੋਵੇਗੀ

ਵੈਲਿੰਗਟਨ, 28 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 89 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਅੱਜ 7 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ਵਿੱਚੋਂ ਆਏ ਹਨ।
ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 89 ਕੇਸਾਂ ‘ਚ ਆਕਲੈਂਡ ਦੇ 83, ਵਾਇਕਾਟੋ ਦੇ 4 ਕੇਸ ਅਤੇ 2 ਕੇਸ ਕੈਨਟਬਰੀ ਦੇ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਕ੍ਰਾਈਸਟਚਰਚ ਵਿੱਚ ਕਮਿਊਨਿਟੀ ਦੇ ਆਏ 2 ਕੇਸ ਵਿੱਚ ਇੱਕ ਔਰਤ 50 ਸਾਲਾਂ ਦੀ ਹੈ ਅਤੇ ਦੂਜਾ ਪੁਰਸ਼ 40 ਸਾਲ ਦਾ ਹੈ ਅਤੇ ਟਰੱਕ ਡਰਾਈਵਰ ਹੈ। ਇਨ੍ਹਾਂ ਦੇ ਟੀਕੇ ਨਹੀਂ ਲੱਗੇ ਹੋਏ ਹਨ ਅਤੇ ਉਹ ਨਿਯਮਿਤ ਤੌਰ ‘ਤੇ ਕੋਵਿਡ ਟਰੇਸਰ ਐਪ ਦੀ ਵਰਤੋਂ ਵੀ ਨਹੀਂ ਕਰ ਰਹੇ ਸਨ। ਪਰ ਉਨ੍ਹਾਂ ਕਿਹਾ ਕਿ ਕ੍ਰਾਈਸਟਚਰਚ ਅਲਰਟ ਲੈਵਲ 2 ਵਿੱਚ ਰਹੇਗਾ ਅਤੇ ਕੇਸਾਂ ਨਾਲ ਜੁੜੇ ਕੋਈ ਵੱਡੇ ਐਕਸਪੋਜ਼ਰ ਈਵੈਂਟ ਨਹੀਂ ਹਨ।
ਅੱਜ ਦੇ ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 2,921 ਹੋ ਗਈ ਹੈ। ਹਸਪਤਾਲ ਵਿੱਚ 37 ਮਰੀਜ਼ ਹਨ ਜਿਨ੍ਹਾਂ ਵਿੱਚੋਂ 5 ਕੇਸ ਸਖ਼ਤ ਦੇਖਭਾਲ (ICU) ਵਿੱਚ ਹਨ। ਕੋਵਿਡ -19 ਨਾਲ ਆਕਲੈਂਡ ਦੇ ਹਸਪਤਾਲਾਂ ਵਿੱਚ ਇਸ ਵੇਲੇ ਲੋਕਾਂ ਦੀ ਔਸਤ ਉਮਰ 43 ਸਾਲ ਹੈ। ਕੱਲ੍ਹ ਦੇਸ਼ ਭਰ ‘ਚ 25,893 ਲੋਕਾਂ ਟੈੱਸਟ ਕੀਤੇ ਗਏ ਅਤੇ ਕੱਲ੍ਹ ਦੇਸ਼ ਭਰ ‘ਚ 39,220 ਲੋਕਾਂ ਨੂੰ ਟੀਕੇ ਲਗਾਏ ਗਏ।
ਕੋਵਿਡ -19 ਰਿਸਪੋਂਸ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਸੰਭਾਵਿਤ ਤੌਰ ‘ਤੇ ਹੋਰ MIQ ਸਹੂਲਤ ‘ਚ ਕਮਰੇ ਉਪਲਬਧ ਹੋਣਗੇ। ਉਨ੍ਹਾਂ ਕਿਹਾ ਕਿ MIQ ਸਹੂਲਤ ‘ਚ ਕਮਰੇ ਦੁੱਗਣੇ ਨਹੀਂ ਹੋਣਗੇ, ਪਰ ਜਦੋਂ ਇਹ ਨਵੀਆਂ ਤਬਦੀਲੀਆਂ ਲਾਗੂ ਹੋਣਗੀਆਂ ਤਾਂ ਸਿਸਟਮ ਵਿੱਚ ਹੋਰ MIQ ਸਹੂਲਤ ‘ਚ ਕਮਰੇ ਸ਼ਾਮਲ ਕੀਤੇ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਮੈਨੇਜਡ ਆਈਸੋਲੇਸ਼ਨ (MIQ) ਨੂੰ ਅਗਲੇ ਮਹੀਨੇ ਤੋਂ 14 ਦਿਨਾਂ ਤੋਂ ਘਟਾ ਕੇ 7 ਦਿਨ ਕੀਤਾ ਜਾ ਰਿਹਾ ਹੈ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਮੇਂ, ਜੇਕਰ ਕੋਈ 11 ਨਵੰਬਰ ਨੂੰ ਦੇਸ਼ ਵਿੱਚ ਬਾਹਰੋਂ ਵਾਪਸ ਆਉਂਦਾ ਹੈ, ਤਾਂ ਉਸ ਨੂੰ 14 ਦਿਨਾਂ ਲਈ MIQ ਸਹੂਲਤ ‘ਚ ਰੁਕਣਾ ਪਏਗਾ, ਪਰ ਜੇ ਉਹ 14 ਨਵੰਬਰ ਨੂੰ ਦੇਸ਼ ਵਿੱਚ ਬਾਹਰੋਂ ਵਾਪਸ ਆਉਂਦਾ ਹੈ, ਤਾਂ ਉਹ 7 ਦਿਨ MIQ ਸਹੂਲਤ ‘ਚ ਰੁਕੇਗਾ। ਉਨ੍ਹਾਂ ਕਿਹਾ ਕਿ 14 ਨਵੰਬਰ ਤੋਂ ਦੇਸ਼ ਵਿੱਚ ਵਾਪਸ ਆਉਣ ਵਾਲਿਆਂ ਦੀ MIQ ਸਹੂਲਤ ‘ਚ ਠਹਿਰਨ ਵਾਲਿਆਂ ਦੀ ਲਾਗਤ ਅੱਧੀ ਰਹਿ ਜਾਵੇਗੀ।
MIQ ਤਬਦੀਲੀਆਂ ‘ਤੇ ਝਾਤ:
14 ਨਵੰਬਰ ਤੋਂ ਵਿਦੇਸ਼ਾਂ ਤੋਂ ਪਰਤਣ ਵਾਲੇ ਯਾਤਰੀ MIQ ਸਹੂਲਤ ਵਿੱਚ 7 ਦਿਨਾਂ ਤੱਕ ਬਿਤਾਉਗੇ ਅਤੇ ਉਸ ਤੋਂ ਬਾਅਦ ਹੋਮ ਆਈਸੋਲੇਸ਼ਨ ਵਿੱਚ ਰਹਿਣਗੇ ਜਦੋਂ ਤੱਕ ਉਨ੍ਹਾਂ ਦਾ 9ਵੇਂ ਦਿਨ ਦਾ ਟੈੱਸਟ ਨੈਗੇਟਿਵ ਵਾਪਸ ਨਹੀਂ ਆ ਜਾਂਦਾ।
8 ਨਵੰਬਰ ਤੋਂ ਕੁੱਝ ਪੈਸੀਫਿਕ ਦੇਸ਼ਾਂ ਦੇ ਯੋਗ ਵੰਨ-ਵੇ ਯਾਤਰੀਆਂ ਲਈ ਕੁਆਰੰਟੀਨ ਮੁਫ਼ਤ ਯਾਤਰਾ ਵਧਾਈ ਗਈ ਹੈ।
ਸਰਹੱਦੀ ਪਾਬੰਦੀਆਂ ਵਿੱਚ ਪੜਾਅ ਵਾਰ ਢਿੱਲ ਦੇਣ ਨਾਲ 2022 ਦੀ ਪਹਿਲੀ ਤਿਮਾਹੀ ਵਿੱਚ ਟੀਕਾ ਲੱਗੇ ਹੋਏ ਵਿਦੇਸ਼ੀ ਆਮਦ ਦੇ ਲਈ ਹੋਮ ਆਈਸੋਲੇਸ਼ਨ ਸਹੂਲਤ ਦਾ ਵੱਧ ਉਪਯੋਗ ਹੋਵੇਗਾ।