ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਅੱਜ 160 ਹੋਰ ਨਵੇਂ ਕੇਸ ਆਏ

ਇਨ੍ਹਾਂ ‘ਚੋਂ 95 ਕੇਸ ਅਣਲਿੰਕ ਤੇ ਅੰਡਰ ਇੰਨਵੈਸਟੀਗੇਸ਼ਨ ‘ਚ ਹਨ
ਵੈਲਿੰਗਟਨ, 30 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 160 ਹੋਰ ਨਵੇਂ ਕੇਸ ਸਾਹਮਣੇ ਆਏ ਹਨ, ਮੌਜੂਦਾ ਪ੍ਰਕੋਪ ਵਿੱਚ ਰੋਜ਼ਾਨਾ ਇਨਫੈਕਸ਼ਨ ਦੀ ਇੱਕ ਰਿਕਾਰਡ ਸੰਖਿਆ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 160 ਕੇਸਾਂ ‘ਚ ਆਕਲੈਂਡ ‘ਚੋਂ 151 ਕੇਸ, ਵਾਇਕਾਟੋ ‘ਚੋਂ 7 ਕੇਸ, ਨੌਰਥਲੈਂਡ ‘ਚੋਂ 1 ਕੇਸ ਅਤੇ ਕੈਂਟਰਬਰੀ ‘ਚੋਂ 1 ਕੇਸ ਆਇਆ ਹੈ। ਅੱਜ ਦੇ ਇਨ੍ਹਾਂ ਕੇਸਾਂ ਵਿੱਚੋਂ 95 ਕੇਸ ਅਣਲਿੰਕ ਤੇ ਅੰਡਰ ਇੰਨਵੈਸਟੀਗੇਸ਼ਨ ‘ਚ ਹਨ, ਜਦੋਂ ਕਿ 65 ਨਵੇਂ ਕੇਸ (ਜਿਨ੍ਹਾਂ ਵਿੱਚੋਂ 38 ਘਰੇਲੂ ਸੰਪਰਕ ਦੇ ਹਨ) ਲਿੰਕ ਹਨ।
ਅੱਜ ਦੇ ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 3,205 ਹੋ ਗਈ ਹੈ। ਹਸਪਤਾਲ ਵਿੱਚ 47 ਮਰੀਜ਼ ਹਨ ਜਿਨ੍ਹਾਂ ਵਿੱਚੋਂ 2 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ। ਕੋਵਿਡ -19 ਨਾਲ ਹਸਪਤਾਲਾਂ ਵਿੱਚ ਇਸ ਵੇਲੇ ਦਾਖ਼ਲ ਲੋਕਾਂ ਦੀ ਔਸਤ ਉਮਰ 45 ਸਾਲ ਹੈ।
ਦੇਸ਼ ਭਰ ‘ਚ ਪਿਛਲੇ 24 ਘੰਟਿਆਂ ਵਿੱਚ 28,925 ਟੈੱਸਟ ਕੀਤੇ ਗਏ ਹਨ। ਜਦੋਂ ਕਿ ਕੱਲ੍ਹ ਦੇਸ਼ ਭਰ ‘ਚ 42,755 ਲੋਕਾਂ ਨੂੰ ਟੀਕੇ ਲਗਾਏ ਗਏ। ਜਿਸ ਵਿੱਚ 10,995 ਨੂੰ ਪਹਿਲਾ ਟੀਕਾ ਅਤੇ 31,760 ਨੂੰ ਦੂਜਾ ਟੀਕਾ ਲਗਾਇਆ ਗਿਆ। ਕੁੱਲ ਮਿਲਾ ਕੇ ਹੁਣ ਤੱਕ ਦੇਸ਼ ਭਰ ਵਿੱਚ 3,693,489 ਲੋਕਾਂ (ਯੋਗ ਆਬਾਦੀ ਦਾ 88 ਪ੍ਰਤੀਸ਼ਤ) ਨੂੰ ਘੱਟੋ-ਘੱਟ ਇੱਕ ਟੀਕਾ ਅਤੇ 3,111,805 ਲੋਕਾਂ (ਯੋਗ ਆਬਾਦੀ ਦਾ 74 ਪ੍ਰਤੀਸ਼ਤ) ਨੂੰ ਦੂਜਾ ਟੀਕਾ ਲਗਾਇਆ ਗਿਆ ਹੈ।
ਆਕਲੈਂਡ ਵਿੱਚ 91 ਪ੍ਰਤੀਸ਼ਤ ਯੋਗ ਆਬਾਦੀ ਨੂੰ ਘੱਟੋ-ਘੱਟ ਇੱਕ ਟੀਕਾ ਲੱਗਿਆ ਹੈ ਅਤੇ 74 ਪ੍ਰਤੀਸ਼ਤ ਨੂੰ ਦੂਜਾ ਟੀਕਾ ਲਗਾਇਆ ਗਿਆ ਹੈ। ਇਸ ਦਾ ਮਤਲਬ ਹੈ ਕਿ 12,986 ਆਕਲੈਂਡ ਵਾਸੀਆਂ ਨੂੰ ਆਪਣੇ 90 ਪ੍ਰਤੀਸ਼ਤ ਟੀਚੇ ਤੱਕ ਪਹੁੰਚਣ ਲਈ ਅਜੇ ਵੀ ਟੀਕਾਕਰਣ ਦੀ ਲੋੜ ਹੈ।
ਮੰਤਰਾਲੇ ਨੇ ਕਿਹਾ ਕਿ ਬਾਰਡਰ ਤੋਂ ਮੈਨੇਜਡ ਆਈਸੋਲੇਸ਼ਨ ਦੇ ਵਿੱਚ ਕੋਵਿਡ -19 ਦੇ 2 ਨਵੇਂ ਕੇਸ ਸਾਹਮਣੇ ਆਏ ਹਨ। ਇੱਕ ਵਿਅਕਤੀ 26 ਅਕਤੂਬਰ ਨੂੰ ਯੂਨਾਈਟਿਡ ਕਿੰਗਡਮ ਤੋਂ ਸਿੰਗਾਪੁਰ ਰਾਹੀਂ ਆਇਆ ਸੀ। ਦੂਜਾ ਸਿੰਗਾਪੁਰ ਤੋਂ ਸਿੱਧਾ ਸਫ਼ਰ ਕਰਕੇ 27 ਅਕਤੂਬਰ ਨੂੰ ਨਿਊਜ਼ੀਲੈਂਡ ਪਹੁੰਚਿਆ ਸੀ। ਦੋਵਾਂ ਦਾ MIQ ਵਿਖੇ ਪਹੁੰਚਣ ਦੇ ਆਪਣੇ ਪਹਿਲੇ ਹੀ ਦਿਨ ਪਾਜ਼ੇਟਿਵ ਟੈੱਸਟ ਆਇਆ।