ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਅੱਜ 190 ਹੋਰ ਨਵੇਂ ਕੇਸ ਆਏ

ਵੈਲਿੰਗਟਨ, 8 ਨਵੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 190 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਵੱਲੋਂ ਅੱਜ ਇਹ ਵੀ ਐਲਾਨ ਕੀਤੀ ਗਈ ਕਿ ਆਕਲੈਂਡ ਸਿਟੀ ਹਸਪਤਾਲ ਵਿੱਚ ਇੱਕ ਮਰੀਜ਼ ਜਿਸ ਦਾ ਕੋਵਿਡ -19 ਟੈੱਸਟ ਪਾਜ਼ੇਟਿਵ ਆਇਆ ਸੀ, ਉਸ ਦੀ ਸ਼ਨੀਵਾਰ ਨੂੰ ਮੌਤ ਹੋ ਗਈ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ 23 ਅਕਤੂਬਰ ਨੂੰ ਹਸਪਤਾਲ ਵਿੱਚ ਦਾਖ਼ਲ ਵਿਅਕਤੀ ਦੀ ਕੋਵਿਡ-19 ਨਾਲ ਮੌਤ ਹੋ ਗਈ ਸੀ ਜਾਂ ਨਹੀਂ।
ਮਰੀਜ਼, ਜੋ ਆਪਣੇ 60 ਦੇ ਦਹਾਕੇ ਦੇ ਅਖੀਰ ਵਿੱਚ ਸੀ, ਨੂੰ ਹਸਪਤਾਲ ਵਿੱਚ ਟਰੋਮਾ ਇੰਜਰੀਜ਼ ਲਈ ਦਾਖ਼ਲ ਕਰਵਾਇਆ ਗਿਆ ਸੀ ਅਤੇ ਜਦੋਂ ਉਸ ਦਾ ਕੋਵਿਡ -19 ਲਈ ਟੈੱਸਟ ਕੀਤਾ ਤਾਂ ਉਹ ਪਾਜ਼ੇਟਿਵ ਆਇਆ। ਵਿਅਕਤੀ ਦੀ ਮੌਤ ਦਾ ਕਾਰਣ ਕੋਰੋਨਰ ਦੁਆਰਾ ਨਿਰਧਾਰਿਤ ਕੀਤਾ ਜਾਵੇਗਾ, ਇਸ ਵਿੱਚ ਇਹ ਵੀ ਸ਼ਾਮਲ ਹੈ ਕਿ ਇਹ ਕੋਵਿਡ -19 ਨਾਲ ਸਬੰਧਿਤ ਹੋ ਸਕਦਾ ਹੈ ਜਾਂ ਨਹੀਂ।
ਸਿਹਤ ਮੰਤਰਾਲੇ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਅੱਜ ਦੇ ਇਨ੍ਹਾਂ ਨਵੇਂ 190 ਕੇਸਾਂ ‘ਚ ਆਕਲੈਂਡ ‘ਚੋਂ 182 ਕੇਸ, ਵਾਇਕਾਟੋ ‘ਚੋਂ 7 ਕੇਸ ਅਤੇ ਨੌਰਥਲੈਂਡ ਤੋਂ 1 ਕੇਸ ਆਇਆ। ਜ਼ਿਕਰਯੋਗ ਹੈ ਕਿ ਅੱਜ ਸੋਮਵਾਰ ਨੂੰ ਸਵੇਰੇ 9 ਵਜੇ ਮੰਤਰਾਲੇ ਦੀ ਰਿਪੋਰਟਿੰਗ ਕੱਟ-ਆਫ਼ ਤੋਂ ਬਾਅਦ ਸਿਹਤ ਮੰਤਰਾਲੇ ਨੂੰ ਨੌਰਥਲੈਂਡ ਵਿੱਚ ਹੋਰ 4 ਕੇਸਾਂ ਬਾਰੇ ਸੂਚਿਤ ਕੀਤਾ ਗਿਆ ਸੀ, ਪਰ ਇਹ 4 ਨਵੇਂ ਕੇਸ ਹੁਣ ਕੱਲ੍ਹ ਮੰਗਲਵਾਰ ਨੂੰ ਅਧਿਕਾਰਤ ਗਿਣਤੀ ਵਿੱਚ ਸ਼ਾਮਲ ਕੀਤੇ ਜਾਣਗੇ।
ਅੱਜ ਦੇ ਇਨ੍ਹਾਂ 190 ਕੇਸਾਂ ਵਿੱਚੋਂ 80 ਕੇਸ ਮਹਾਂਮਾਰੀ ਵਿਗਿਆਨ ਨਾਲ ਲਿੰਕ ਹਨ, ਜਦੋਂ ਕਿ 110 ਕੇਸ ਅਣਲਿੰਕ ਹਨ। ਪਿਛਲੇ 14 ਦਿਨਾਂ ਤੋਂ 700 ਕੇਸ ਅਣਲਿੰਕ ਹਨ।
ਅੱਜ ਦੇ ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 4,343 ਹੋ ਗਈ ਹੈ। ਹਸਪਤਾਲ ਵਿੱਚ 81 ਮਰੀਜ਼ ਹਨ ਜਿਨ੍ਹਾਂ ਵਿੱਚੋਂ 7 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ। ਕੋਵਿਡ -19 ਨਾਲ ਹਸਪਤਾਲਾਂ ਵਿੱਚ ਇਸ ਵੇਲੇ ਦਾਖ਼ਲ ਲੋਕਾਂ ਦੀ ਔਸਤ ਉਮਰ 51 ਸਾਲ ਹੈ।
ਆਕਲੈਂਡ ਵਿੱਚ ਪਬਲਿਕ ਹੈਲਥ ਸਟਾਫ਼ 2,238 ਲੋਕਾਂ ਦੀ ਸਹਾਇਤਾ ਕਰ ਰਿਹਾ ਹੈ ਕਿਉਂਕਿ ਉਹ ਘਰ ਵਿੱਚ ਆਈਸੋਲੇਟ ਹਨ, ਇਸ ਵਿੱਚ 698 ਘਰਾਂ ਵਿੱਚ 838 ਕੇਸ ਸ਼ਾਮਲ ਹਨ।
ਆਕਲੈਂਡ ਵਿੱਚ ਲਏ ਗਏ 8,127 ਸਵੈਬ ਤੋਂ 182 ਲੋਕਾਂ ਦੇ ਪਾਜ਼ੇਟਿਵ ਟੈੱਸਟ ਆਏ, ਜੋ ਹੁਣ ਤੱਕ ਦੀ ਸਭ ਤੋਂ ਉੱਚੀ ਦਰ 2.239 ਫ਼ੀਸਦੀ ਹੈ। ਜਦੋਂ ਕਿ ਦੇਸ਼ ਭਰ ਵਿੱਚ ਇਹ ਦਰ ਪਹਿਲੀ ਵਾਰ 1 ਫ਼ੀਸਦੀ ਤੋਂ ਉੱਪਰ ਰਹੀ ਹੈ, ਕੱਲ੍ਹ 18,742 ਟੈੱਸਟਾਂ ਵਿੱਚੋਂ 190 ਕੇਸਾਂ ਦਾ ਪਤਾ ਲਗਾਇਆ ਗਿਆ ਹੈ।
ਖ਼ਬਰ ਦੇ ਮੁਤਾਬਿਕ ਮਾਹਿਰਾਂ ਨੇ ਕਿਹਾ ਹੈ ਕਿ ਆਕਲੈਂਡ ਵਿੱਚ ਕੋਵਿਡ -19 ਪਾਬੰਦੀਆਂ ਨੂੰ ਸੌਖਾ ਕਰਨਾ ਠੀਕ ਨਹੀਂ ਹੈ, ਕਿਉਂਕਿ ਇਸ ਦੌਰਾਨ ਸੰਪਰਕ ਟਰੇਸਿੰਗ ਅਤੇ ਹਸਪਤਾਲ ਪਹਿਲਾਂ ਹੀ ਤਣਾਅ ਵਿੱਚ ਹਨ। ਮਹਾਂਮਾਰੀ ਵਿਗਿਆਨੀ, ਓਟੈਗੋ ਯੂਨੀਵਰਸਿਟੀ (ਵੈਲਿੰਗਟਨ) ਦੇ ਪ੍ਰੋਫੈਸਰ ਮਾਈਕਲ ਬੇਕਰ ਨੇ ਕਿਹਾ ਕਿ ਅਗਲੇ ਤਿੰਨ ਹਫ਼ਤੇ ਆਕਲੈਂਡ ਲਈ ਨਾਜ਼ੁਕ ਹਨ। ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਵੀ ਪਾਬੰਦੀ ਨੂੰ ਢਿੱਲਾ ਨਹੀਂ ਦੇਖਣਾ ਚਾਹੁਣਗੇ, ਕਿਉਂਕਿ ਆਕਲੈਂਡ ਅਜੇ ਵੀ ਕੋਵਿਡ ਦੇ ਮਾਮਲਿਆਂ ਵਿੱਚ ਘਾਤਕ ਵਾਧਾ ਦੇਖ ਰਿਹਾ ਹੈ।