ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 147 ਹੋਰ ਨਵੇਂ ਕੇਸ ਆਏ, ਆਕਲੈਂਡ ‘ਚ ਵਾਇਰਸ ਨਾਲ ਪੀੜਤ ਵਿਅਕਤੀ ਦੀ ਮੌਤ

ਵੈਲਿੰਗਟਨ, 10 ਨਵੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 147 ਹੋਰ ਨਵੇਂ ਕੇਸ ਸਾਹਮਣੇ ਆਏ ਹਨ ਅਤੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਕੋਵਿਡ ਨਾਲ ਘਰ ਵਿੱਚ ਅਲੱਗ-ਥਲੱਗ (ਆਈਸੋਲੇਟ) ਰਹਿ ਰਹੇ ਇੱਕ ਵਿਅਕਤੀ ਦੀ ਆਕਲੈਂਡ ਵਿੱਚ ਅਚਾਨਕ ਮੌਤ ਹੋ ਗਈ।
ਸਿਹਤ ਮੰਤਰਾਲੇ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਅੱਜ ਦੇ ਇਨ੍ਹਾਂ ਨਵੇਂ 147 ਕੇਸਾਂ ‘ਚ ਆਕਲੈਂਡ ‘ਚੋਂ 131 ਕੇਸ, ਵਾਇਕਾਟੋ ‘ਚੋਂ 14 ਕੇਸ ਅਤੇ ਨੌਰਥਲੈਂਡ ਤੋਂ 2 ਕੇਸ ਆਏ ਹਨ। ਅੱਜ ਦੇ ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 4,615 ਹੋ ਗਈ ਹੈ। ਹਸਪਤਾਲ ਵਿੱਚ 81 ਮਰੀਜ਼ ਹਨ, ਸਾਰੇ ਹੀ ਆਕਲੈਂਡ ਵਿੱਚ ਦਾਖ਼ਲ ਹਨ। ਜਿਨ੍ਹਾਂ ਵਿੱਚੋਂ 11 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ। ਕੋਵਿਡ -19 ਨਾਲ ਹਸਪਤਾਲਾਂ ਵਿੱਚ ਇਸ ਵੇਲੇ ਦਾਖ਼ਲ ਲੋਕਾਂ ਦੀ ਔਸਤ ਉਮਰ 53 ਸਾਲ ਹੈ।
ਕੋਵਿਡ ਨਾਲ ਘਰ ਵਿੱਚ ਅਲੱਗ-ਥਲੱਗ (ਆਈਸੋਲੇਟ) ਰਹਿ ਰਹੇ 60 ਸਾਲਾ ਵਿਅਕਤੀ ਦੀ ਆਕਲੈਂਡ ਦੇ ਉਪਨਗਰ ਗਲੇਨ ਈਡਨ ਵਿੱਚ ਅਚਾਨਕ ਮੌਤ ਹੋ ਗਈ। ਉਸ ਬਾਰੇ ਸਿਹਤ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਮੌਤ ਦੀ ਜਾਂਚ ਕੀਤੀ ਜਾਵੇਗੀ। ਉਸ ਦੀ ਮੌਤ ਦਾ ਕਾਰਣ ਕੋਰੋਨਰ ਦੁਆਰਾ ਨਿਰਧਾਰਿਤ ਕੀਤਾ ਜਾਵੇਗਾ, ਇਸ ਵਿੱਚ ਇਹ ਵੀ ਸ਼ਾਮਲ ਹੈ ਕਿ ਇਹ ਕੋਵਿਡ -19 ਨਾਲ ਸਬੰਧਿਤ ਹੋ ਸਕਦਾ ਹੈ ਜਾਂ ਨਹੀਂ।
ਜ਼ਿਕਰਯੋਗ ਹੈ ਕਿ ਆਕਲੈਂਡ ਰਾਤ 11.59 ਵਜੇ ਤੋਂ ਅਲਰਟ ਲੈਵਲ 3 ਦੀਆਂ ਪਾਬੰਦੀਆਂ ਦੇ ‘ਪੜਾਅ 2’ ਦੇ ਵਿੱਚ ਦਾਖ਼ਲ ਹੋ ਗਿਆ ਹੈ। ਇਸ ਨਾਲ ਆਕਲੈਂਡ ਵਿੱਚ ਦੁਕਾਨਾਂ ਅਤੇ ਜਨਤਕ ਸਹੂਲਤਾਂ ਦੁਬਾਰਾ ਖੁੱਲ੍ਹ ਗਈਆਂ ਹਨ ਅਤੇ ਘਰ ਤੋਂ ਬਾਹਰੀ 25 ਲੋਕਾਂ ਦਾ ਮਲਟੀਪਲ ਬੱਬਲ ਇਕੱਠ ਕੀਤਾ ਜਾ ਸਕਦਾ ਹੈ।
ਅਲਰਟ ਲੈਵਲ 3 ਦੀਆਂ ਪਾਬੰਦੀਆਂ ‘ਪੜਾਅ 2’ ਦੇ ਵਿੱਚ:

  • ਰਿਟੇਲ ਕਾਰੋਬਾਰ ਦਾ ਸੰਚਾਲਨ ਕਰ ਸਕਦੇ ਹਨ, ਗ੍ਰਾਹਕ ਕਾਰੋਬਾਰ ਵਾਲੇ ਸਥਾਨ ‘ਚ ਦਾਖਲ ਹੋ ਸਕਦੇ ਹਨ। ਉਹ ਆਪਣੇ ਚਿਹਰੇ ਨੂੰ ਢੱਕਣ ਦੇ ਨਾ-ਨਾਲ 2 ਮੀਟਰ ਦੀ ਸਰੀਰਕ ਦੂਰੀ ਰੱਖਣੀ ਲਾਜ਼ਮੀ ਹੋਵੇਗੀ। ਯਾਨੀ ਕੇ ਦੂਜੇ ਪੜਾਅ ‘ਚ ਰਿਟੇਲ ਕਾਰੋਬਾਰ ਖੁੱਲ੍ਹ ਸਕਦੇ ਹਨ, ਗਾਹਕਾਂ ਨੂੰ ਦੋ ਮੀਟਰ ਦੀ ਦੂਰੀ ਰੱਖਣ ਅਤੇ ਸਟਾਫ਼ ਤੇ ਗਾਹਕਾਂ ਨੂੰ ਚਿਹਰੇ ਨੂੰ ਢੱਕਣ ਦੀ ਲੋੜ ਹੈ।
  • ਜਨਤਕ ਸਹੂਲਤਾਂ ਜਿਵੇਂ ਕਿ ਲਾਇਬ੍ਰੇਰੀਆਂ ਅਤੇ ਅਜਾਇਬ ਘਰ ਮੁੜ ਖੁੱਲ੍ਹ ਸਕਦੇ ਹਨ, ਪਰ ਚਿਹਰੇ ਨੂੰ ਢੱਕਣ ਅਤੇ 2 ਮੀਟਰ ਸਰੀਰਕ ਦੂਰੀ ਦੀ ਲੋੜ ਦੇ ਨਾਲ ਹੀ ਖੁੱਲ੍ਹਣਗੇ। ਪਰ ਜਿੰਮ ਅਤੇ ਮੂਵੀ ਥੀਏਟਰ ਅਜੇ ਵੀ ਬੰਦ ਰਹਿਣਗੇ।
  • ਮਲਟੀਪਲ ਬੱਬਲ ਆਊਟਡੋਰ ਇਕੱਠ 25 ਲੋਕਾਂ ਤੱਕ ਦਾ ਹੈ।