ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ ਰਿਕਾਰਡ 207 ਨਵੇਂ ਕੇਸ ਆਏ, 1 ਮੌਤ ਕਿਉਂਕਿ ਵਾਇਰਸ ਦਾ ਫੈਲਾਓ ਜਾਰੀ

ਵੈਲਿੰਗਟਨ, 14 ਨਵੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 207 ਹੋਰ ਨਵੇਂ ਕੇਸ ਸਾਹਮਣੇ ਆਏ ਹਨ ਅਤੇ ਇੱਕ ਮੌਤ ਨੌਰਥ ਸ਼ੋਰ ਹਸਪਤਾਲ ਵਿੱਚ ਹੋਈ ਹੈ।
ਸਿਹਤ ਮੰਤਰਾਲੇ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਔਰਤ, ਜਿਸ ਦੀ ਉਮਰ 90 ਸਾਲ ਦੀ ਹੈ, ਉਸ ਦੀਆਂ ਕਈ ਅੰਡਰਲਾਇੰਗ ਸਥਿਤੀਆਂ ਸਨ। ਉਸ ਨੂੰ 6 ਨਵੰਬਰ ਨੂੰ ਐਡਮੰਟਨ ਮੀਡੋਜ਼ ਕੇਅਰ ਹੋਮ ਤੋਂ ਨੌਰਥ ਸ਼ੋਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਸਟਾਫ਼ ਅਤੇ ਨਿਵਾਸੀਆਂ ਵਿੱਚ 25 ਕੋਵਿਡ -19 ਕੇਸਾਂ ਦਾ ਪ੍ਰਕੋਪ ਹੋਇਆ ਹੈ। ਹਸਪਤਾਲ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਉਸ ਦਾ ਕੇਸ ਕੋਵਿਡ -19 ਲਈ ਪੁਸ਼ਟੀ ਹੋਇਆ ਸੀ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 207 ਕੇਸਾਂ ‘ਚ ਆਕਲੈਂਡ ‘ਚੋਂ 192 ਕੇਸ, 2 ਰੋਟੋਰੂਆ ‘ਚ, 2 ਤਾਰਾਰੂਆ ਜ਼ਿਲ੍ਹੇ ‘ਚ, 7 ਵਾਇਕਾਟੋ ‘ਚ, 2 ਨੌਰਥਲੈਂਡ ‘ਚ ਹਨ। ਅੱਜ 2 ਨਵੇਂ ਕੇਸ ਬਾਰਡਰ ਤੋਂ ਆਏ ਹਨ।
ਅੱਜ ਦੇ ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 5,578 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 90 ਮਰੀਜ਼ ਹਨ। ਕੋਵਿਡ -19 ਨਾਲ ਹਸਪਤਾਲਾਂ ਵਿੱਚ 4 ਹੋਰ ਕੇਸਾਂ ਦਾ ਅਜੇ ਵੀ ਮੁਲਾਂਕਣ ਕੀਤਾ ਜਾ ਰਿਹਾ ਹੈ। ਇਨ੍ਹਾਂ ਸੰਖਿਆਵਾਂ ਵਿੱਚੋਂ, 24 ਨੌਰਥ ਸ਼ੋਰ ਹਸਪਤਾਲ ‘ਚ, 24 ਮਿਡਲਮੋਰ ‘ਚ, 38 ਆਕਲੈਂਡ ‘ਚ, 2 ਵੈਟਾਕੇਰੇ ਵਿੱਚ, 1 ਵਿਅਕਤੀ ਫ਼ਾਂਗਰੇਈ ਹਸਪਤਾਲ ‘ਚ ਅਤੇ 1 ਵਿਅਕਤੀ ਡਾਰਗਾਵਿਲ ‘ਚ ਦਾਖਲ ਹੈ।
ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ, 50 ਦਾ ਟੀਕਾਕਰਣ ਨਹੀਂ ਹੋਇਆ ਜਾਂ ਟੀਕਾਕਰਣ ਦੇ ਯੋਗ ਨਹੀਂ ਹਨ, 11 ਪੂਰੀ ਤਰ੍ਹਾਂ ਟੀਕਾ ਲਗਵਾਏ ਹੋਏ ਹਨ ਅਤੇ 19 ਨੂੰ ਅੰਸ਼ਿਕ ਤੌਰ ‘ਤੇ ਟੀਕਾ ਲਗਾਏੇ ਗਏ ਹਨ। ਬਾਕੀ 7 ਦੀ ਸਥਿਤੀ ਮੰਤਰਾਲੇ ਨੇ ਜਾਰੀ ਨਹੀਂ ਕੀਤੀ ਹੈ। ਹੁਣ ਇੱਥੇ 125 ਦਿਲਚਸਪੀ ਵਾਲੇ ਸਥਾਨ ਹਨ ਅਤੇ ਸਿਹਤ ਮੰਤਰਾਲੇ ਨੇ 5,243 ਸਰਗਰਮ ਸੰਪਰਕਾਂ ਦੀ ਪਛਾਣ ਕੀਤੀ ਹੈ।
ਸ਼ਨੀਵਾਰ ਨੂੰ ਦੇਸ਼ ਭਰ ਵਿੱਚ 26,996 ਖ਼ੁਰਾਕਾਂ ਦਿੱਤੀਆਂ ਗਈਆਂ, ਜਿਨ੍ਹਾਂ ਵਿੱਚੋਂ 7,149 ਪਹਿਲੀ ਖ਼ੁਰਾਕਾਂ ਅਤੇ 19,847 ਦੂਜੀਆਂ ਖ਼ੁਰਾਕਾਂ ਹਨ। ਅੱਜ ਤੱਕ ਯੋਗ ਵਿਅਕਤੀਆਂ ਵਿੱਚੋਂ 90% ਨੇ ਆਪਣੀ ਪਹਿਲੀ ਖ਼ੁਰਾਕ ਲਈ ਹੈ ਅਤੇ 81% ਨੂੰ ਦੋਵੇਂ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।