ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 215 ਨਵੇਂ ਹੋਰ ਕੇਸ ਆਏ, ਇੱਕ ਹੋਰ ਵਿਅਕਤੀ ਦੀ ਮੌਤ

ਵੈਲਿੰਗਟਨ, 23 ਨਵੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 215 ਹੋਰ ਨਵੇਂ ਕੇਸ ਸਾਹਮਣੇ ਆਏ ਹਨ ਤੇ ਇੱਕ ਵਿਅਕਤੀ ਦੀ ਮੌਤ ਹੋਈ ਹੈ। ਇਸ ਮੌਤ ਨਾਲ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇਸ਼ ਵਿੱਚ ਕੋਵਿਡ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 41 ਹੋ ਗਈ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਤਾਜ਼ਾ ਮੌਤ 50 ਸਾਲ ਦੇ ਇੱਕ ਮਰੀਜ਼ ਦੀ ਸੀ, ਜਿਸ ਨੂੰ 17 ਨਵੰਬਰ ਨੂੰ ਆਕਲੈਂਡ ਸਿਟੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ।
ਜਦੋਂ ਕਿ ਮੈਨੇਜਡ ਆਈਸੋਲੇਸ਼ਨ ‘ਚ 3 ਨਵੇਂ ਕੇਸ ਆਏ ਹਨ, ਜਿਨ੍ਹਾਂ ‘ਚੋਂ 1 ਹਿਸਟੋਰੀਕਲ ਕੇਸ ਹੈ, ਜੋ 13 ਨਵੰਬਰ ਨੂੰ ਆਸਟਰੇਲੀਆ ਤੋਂ ਆਇਆ ਸੀ ਤੇ ਰੁਟੀਨ ਪੰਜਵੇਂ ਦਿਨ ਦੇ ਟੈੱਸਟ ਦੌਰਾਨ ਪਾਜ਼ੇਟਿਵ ਰਿਹਾ।ਬਾਕੀ 3 ਨਵੇਂ ਕੇਸਾਂ ‘ਚੋਂ 2 ਕੇਸ 16 ਨਵੰਬਰ ਨੂੰ ਯੂਨਾਈਟਿਡ ਅਰਬ ਅਮੀਰਾਤ ਰਾਹੀ ਆਏ ਸਨ ਤੇ ਰੁਟੀਨ ਤੀਸਰੇ ਦਿਨ ਦੇ ਟੈੱਸਟ ਦੌਰਾਨ ਪਾਜ਼ੇਟਿਵ ਪਾਏ ਗਏ। ਜਦੋਂ ਕਿ 1 ਕੇਸ 20 ਨਵੰਬਰ ਨੂੰ ਸਿੰਗਾਪੁਰ ਦੇ ਰਸਤੇ ਤੋਂ ਨਿਊਜ਼ੀਲੈਂਡ ਆਇਆ ਤੇ ਰੁਟੀਨ ਦੂਜੇ ਦਿਨ ਦੇ ਟੈੱਸਟ ਦੌਰਾਨ ਪਾਜ਼ੇਟਿਵ ਆਇਆ। ਇਹ ਸਾਰੇ ਆਕਲੈਂਡ ‘ਚ ਆਈਸੋਲੇਟ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 215 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 196 ਕੇਸ, 11 ਵਾਇਕਾਟੋ ‘ਚ, 4 ਨੌਰਥਲੈਂਡ ‘ਚ, 2 ਕੇਸ ਟੌਪੋ ‘ਚ, 1 ਕੇਸ ਬੇ ਆਫ਼ ਪਲੇਨਟੀ, 1 ਕੇਸ ਮਿਡ ਸੈਂਟਰਲ (ਜਿਸ ਦੇ ਬਾਰੇ ਸੋਮਵਾਰ ਨੂੰ ਦੱਸਿਆ ਗਿਆ ਸੀ) ਵਿੱਚ ਆਇਆ ਹੈ।
ਅੱਜ ਦੇ ਨਵੇਂ 215 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 7,268 ਹੋ ਗਈ ਹੈ। ਅੱਜ ਦੇ 205 ਕੇਸਾਂ ਵਿੱਚੋਂ 102 ਦਾ ਅਜੇ ਪ੍ਰਕੋਪ ਨਾਲ ਲਿੰਕ ਹੋਣਾ ਬਾਕੀ ਹੈ, ਜਦੋਂ ਕਿ 103 ਕੇਸਾਂ ਦਾ ਪ੍ਰਕੋਪ ਨਾਲ ਲਿੰਕ ਹੈ। ਇਸ ਵੇਲੇ ਹਸਪਤਾਲ ਵਿੱਚ 88 ਮਰੀਜ਼ ਹਨ ( ਜਿਨ੍ਹਾਂ ਵਿੱਚੋਂ 2 ਦਾ ਅਜੇ ਵੀ ਮੁਲਾਂਕਣ ਕੀਤਾ ਜਾ ਰਿਹਾ ਹੈ)। ਇਨ੍ਹਾਂ ਵਿੱਚੋਂ 6 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ। ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ 19 ਨੌਰਥ ਸ਼ੋਰ ਹਸਪਤਾਲ, 29 ਮਿਡਲਮੋਰ ਹਸਪਤਾਲ, 37 ਆਕਲੈਂਡ ਸਿਟੀ ਹਸਪਤਾਲ ‘ਚ, 1 ਰੋਟੋਰੂਆ ਹਸਪਤਾਲ ਅਤੇ 2 ਵਾਇਕਾਟੋ ਹਸਪਤਾਲ ਵਿੱਚ ਦਾਖ਼ਲ ਹੈ। ਕੋਵਿਡ -19 ਨਾਲ ਹਸਪਤਾਲਾਂ ਵਿੱਚ ਇਸ ਵੇਲੇ ਦਾਖ਼ਲ ਲੋਕਾਂ ਦੀ ਔਸਤ ਉਮਰ 45 ਸਾਲ ਹੈ। ਮੰਤਰਾਲੇ ਨੇ ਕਿਹਾ ਕਿ ਹਸਪਤਾਲ ਵਿੱਚ 45 ਮਰੀਜ਼ਾਂ (56%) ਦਾ ਟੀਕਾ ਨਹੀਂ ਲਗਾਇਆ ਗਿਆ ਹੈ।
ਮੰਤਰਾਲੇ ਨੇ ਕਿਹਾ ਹਸਪਤਾਲ ਵਿੱਚ 56 ਫ਼ੀਸਦੀ ਲੋਕਾਂ ਦਾ ਟੀਕਾਕਰਣ ਨਹੀਂ ਹੋਇਆ ਹੈ, 12% ਜਾਂ 10 ਕੇਸ – ਅੰਸ਼ਿਕ ਤੌਰ ‘ਤੇ 14 ਦਿਨਾਂ ਤੋਂ ਘੱਟ ਸਮੇਂ ‘ਚ ਟੀਕਾਕਰਣ ਕੀਤੇ ਗਏ ਹਨ, ਜਦੋਂ ਕਿ 8% ਨੂੰ 14 ਦਿਨਾਂ ਤੋਂ ਵੱਧ ਸਮੇਂ ‘ਚ ਅੰਸ਼ਿਕ ਤੌਰ ‘ਤੇ ਟੀਕਾ ਲਗਾਇਆ ਗਿਆ ਹੈ, ਇੱਕ ਵਿਅਕਤੀ ਨੂੰ 14 ਦਿਨ ਤੋਂ ਘੱਟ ਸਮੇਂ ‘ਚ ਪੂਰੀ ਤਰ੍ਹਾਂ ਟੀਕਾਕਰਣ ਕੀਤਾ ਗਿਆ ਹੈ, 16 ਕੇਸ ਜਾਂ 19% ਪੂਰੀ ਤਰ੍ਹਾਂ ਟੀਕਾਕਰਣ ਕੀਤੇ ਗਏ ਹਨ ਅਤੇ ਤਿੰਨ ਕੇਸਾਂ ਦੀ ਟੀਕਾਕਰਣ ਦੀ ਸਥਿਤੀ ਦਾ ਪਤਾ ਨਹੀਂ ਹੈ।
ਪਿਛਲੇ 24 ਘੰਟਿਆਂ ਵਿੱਚ 24,198 ਟੈੱਸਟ ਕੀਤੇ ਗਏ ਹਨ। ਕੱਲ੍ਹ, 15,224 ਟੀਕੇ ਲਗਾਏ ਗਏ, ਜਿਨ੍ਹਾਂ ਵਿੱਚ 4,777 ਪਹਿਲੇ ਟੀਕੇ ਅਤੇ 10,447 ਦੂਜੇ ਟੀਕੇ ਲਗਾਏ ਗਏ। ਦੇਸ਼ ਭਰ ‘ਚ ਕੁੱਲ ਮਿਲਾ ਕੇ ਕੱਲ੍ਹ ਤੱਕ 7,366,916 ਲਗਾਏ ਗਏ ਹਨ, ਜਿਨ੍ਹਾਂ ‘ਚ ਯੋਗ ਆਬਾਦੀ ਨੂੰ 3,846,920 ਇੱਕ ਟੀਕਾ (91%) ਅਤੇ 3,519,996 ਨੂੰ ਦੋਵੇਂ ਟੀਕੇ (84%) ਲੱਗ ਚੁੱਕੇ ਹਨ।