ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਵੀ ਕਮਿਊਨਿਟੀ ਦੇ 144 ਨਵੇਂ ਹੋਰ ਕੇਸ ਆਏ, ਇੱਕ ਹੋਰ 80 ਸਾਲਾ ਮਰੀਜ਼ ਦੀ ਵਾਇਰਸ ਨਾਲ ਮੌਤ

ਵੈਲਿੰਗਟਨ, 28 ਨਵੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 144 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਦੱਸਿਆ ਕਿ ਨੌਰਥ ਸ਼ੋਰ ਹਸਪਤਾਲ ‘ਚ ਇੱਕ 80 ਸਾਲਾ ਮਰੀਜ਼ ਦੀ ਵਿਅਕਤੀ ਦੀ ਵਾਇਰਸ ਨਾਲ ਮੌਤ ਹੋਈ ਹੈ। ਉਸ ਨੂੰ ਪਿਛਲੇ ਵੀਰਵਾਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਉਸ ਦੀ ਸ਼ਨੀਵਾਰ ਨੂੰ ਮੌਤ ਹੋ ਗਈ। ਇਸ ਨਾਲ ਦੇਸ਼ ‘ਚ ਕੋਵਿਡ ਨਾਲ ਮਰਨ ਵਾਲਿਆਂ ਦੀ ਗਿਣਤੀ 43 ਹੋ ਗਈ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 144 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 127 ਕੇਸ, 9 ਵਾਇਕਾਟੋ ‘ਚ, 4 ਕੇਸ ਬੇ ਆਫ਼ ਪਲੇਨਟੀ, 2 ਕੇਸ ਨੌਰਥਲੈਂਡ, 1 ਕੇਸ ਹਾਕਸ ਬੇਅ ਅਤੇ 1 ਕੇਸ ਕੈਂਟਰਬਰੀ ਵਿੱਚ ਹੈ। ਅੱਜ ਦੇ 144 ਕੇਸਾਂ ਵਿੱਚੋਂ 88 ਦਾ ਅਜੇ ਪ੍ਰਕੋਪ ਨਾਲ ਲਿੰਕ ਹੋਣਾ ਬਾਕੀ ਹੈ, ਜਦੋਂ ਕਿ 56 ਕੇਸਾਂ ਦਾ ਪ੍ਰਕੋਪ ਨਾਲ ਲਿੰਕ ਹੈ। ਪਿਛਲੇ 14 ਦਿਨਾਂ ‘ਚ 904 ਕੇਸਾਂ ਨੂੰ ਅਜੇ ਤੱਕ ਕਿਸੇ ਜਾਣੇ-ਪਛਾਣੇ ਕੇਸ ਨਾਲ ਜੋੜਿਆ ਨਹੀਂ ਗਿਆ ਹੈ।
ਅੱਜ ਦੇ ਨਵੇਂ 145 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 8,118 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 82 ਮਰੀਜ਼ ਹਨ, ਇਨ੍ਹਾਂ ਵਿੱਚੋਂ 9 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ।
ਪੂਰੇ ਆਕਲੈਂਡ ‘ਚ 4114 ਲੋਕ ਘਰਾਂ ਵਿੱਚ ਆਈਸੋਲੇਟ ਹਨ। ਇਸ ਸੰਖਿਆ ਵਿੱਚ 1119 ਲੋਕ ਸ਼ਾਮਲ ਹਨ ਜਿਨ੍ਹਾਂ ਨੂੰ ਕੋਵਿਡ -19 ਹੈ। ਮੰਤਰਾਲੇ ਨੇ ਕਿਹਾ ਕਿ ਸਿਹਤ ਅਧਿਕਾਰੀ ਨਵੇਂ B.1.11529 ਵੇਰੀਐਂਟ ‘ਤੇ ਨਵੀਨਤਮ ਅੰਤਰਰਾਸ਼ਟਰੀ ਜਾਣਕਾਰੀ ਦਾ ਮੁਲਾਂਕਣ ਕਰਨਾ ਜਾਰੀ ਰੱਖ ਰਹੇ ਹਨ, ਜਿਸ ਨੂੰ ਵਿਸ਼ਵ ਸਿਹਤ ਸੰਗਠਨ ਨੇ ‘ਓਮਿਕਰੋਨ’ (Omicron) ਦਾ ਨਾਮ ਦਿੱਤਾ ਹੈ।
ਨਿਊਜ਼ੀਲੈਂਡ ਵਿੱਚ ਕੋਵਿਡ ਦੇ ਇਸ ਨਵੇਂ ਰੂਪ ਦਾ ਅਜੇ ਤੱਕ ਪਤਾ ਨਹੀਂ ਲੱਗਿਆ ਹੈ। ਪਰ ਆਸਟਰੇਲੀਆ ਵਿੱਚ ਦੱਖਣੀ ਅਫ਼ਰੀਕਾ ਤੋਂ ਦੋ ਆਉਣ ਵਾਲੇ ਯਾਤਰੀਆਂ ਦਾ ਕੋਵਿਡ -19 ਟੈੱਸਟ ਪਾਜ਼ੇਟਿਵ ਆਉਣ ਤੋਂ ਬਾਅਦ ਆਸਟਰੇਲੀਆ ਹਾਈ ਅਲਰਟ ‘ਤੇ ਹੈ। ਇਹ ਦੇਖਣ ਲਈ ਹੋਰ ਜਾਂਚ ਚੱਲ ਰਹੀ ਹੈ ਕਿ ਕੀ ਉਹ ਵੇਰੀਐਂਟ ਨੂੰ ਕੈਰੀ ਕਰ ਰਹੇ ਹਨ।