ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ ਹੋਰ 21 ਨਵੇਂ ਕੇਸਾਂ ਸਾਹਮਣੇ ਆਏ, ਹੁਣ ਤੱਕ 51 ਕਮਿਊਨਿਟੀ ਕੇਸ ਹੋਏ

ਵੈਲਿੰਗਟਨ, 21 ਅਗਸਤ – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 21 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਮੌਜੂਦਾ ਆਕਲੈਂਡ ਕਮਿਊਨਿਟੀ ਦੇ ਤਾਜ਼ਾ ਪ੍ਰਕੋਪ ਨਾਲ ਜੁੜੇ ਮਾਮਲਿਆਂ ਦੀ ਕੁੱਲ ਸੰਖਿਆ 51 ਹੋ ਗਈ ਹੈ। ਇਨ੍ਹਾਂ ਸਾਰੇ ਮਾਮਲਿਆਂ ਨੂੰ ਮੈਨੇਜਡ ਆਈਸੋਲੇਸ਼ਨ ਸਹੂਲਤ ਵਿੱਚ ਸੁਰੱਖਿਅਤ ਭੇਜਿਆ ਜਾ ਰਿਹਾ ਹੈ।
ਪਬਲਿਕ ਹੈਲਥ ਦੀ ਡਾਇਰੈਕਟਰ ਡਾ. ਕੈਰੋਲੀਨ ਮੈਕਲਨੇ ਨੇ ਕਿਹਾ ਕਿ ਐਮਆਈਕਿਯੂ ਵਿੱਚ 3 ਨਵੇਂ ਕੇਸ ਵੀ ਹਨ। ਉਨ੍ਹਾਂ ਨੇ ਕਿਹਾ ਇਨ੍ਹਾਂ 21 ਨਵੇਂ ਮਾਮਲਿਆਂ ਵਿੱਚੋਂ 18 ਆਕਲੈਂਡ ‘ਚੋਂ ਅਤੇ 3 ਰਾਜਧਾਨੀ ਵੈਲਿੰਗਟਨ ਵਿੱਚੋਂ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚੋਂ 3 ਕੱਲ੍ਹ ਰਿਪੋਰਟ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ 51 ਵਿੱਚੋਂ 21 ਕੇਸ ਹੁਣ ਆਕਲੈਂਡ ਕਲੱਸਟਰ ਦੇ ਹਿੱਸੇ ਵਜੋਂ ਪੁਸ਼ਟੀ ਕੀਤੇ ਗਏ ਹਨ। 21 ਮਾਮਲਿਆਂ ਦਾ ਜੀਨੋਮ ਸੀਕਿਯੂਐਂਸਿੰਗ ਕੀਤਾ ਗਿਆ ਹੈ, ਇਹ ਸਾਰੇ ਆਕਲੈਂਡ ਕਲੱਸਟਰ ਨਾਲ ਜੁੜੇ ਹੋਏ ਹਨ।
ਮੈਕਲਨੇ ਨੇ ਕਿਹਾ ਕਿ ਅਲਰਟ ਲੈਵਲ 4 ਵਿੱਚ ਆਈਸੋਲੇਟ ਹੋਣ ਦਾ ਅਰਥ ਹੈ ਘਰ ਦੇ ਮੈਂਬਰਾਂ ਤੋਂ ਆਈਸੋਲੇਟ ਹੋਣਾ। ਇਸ ਕਲੱਸਟਰ ਵਿੱਚ ਹੁਣ ਤੱਕ 5,065 ਸੰਪਰਕਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਅਤੇ ਅੱਜ ਦੇ ਅੰਤ ਤੱਕ ਹੋਰ 5,000 ਨਜ਼ਦੀਕੀ ਸੰਪਰਕਾਂ ਦੀ ਪਛਾਣ ਹੋਣ ਦੀ ਉਮੀਦ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਕੁੱਝ ਚੰਗੀ ਖ਼ਬਰ ਸਾਂਝੀ ਕਰਨ ਦੇ ਨਾਲੇ ਅੱਜ ਆਪਣਾ ਅੱਪਡੇਟ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕੱਲ੍ਹ ਇੱਕ ਦਿਨ ਵਿੱਚ ਸਭ ਤੋਂ ਵੱਧ ਟੀਕੇ 56,843 ਲੱਗੇ ਅਤੇ ਕੱਲ੍ਹ ਹੀ ਨਿਊਜ਼ੀਲੈਂਡ ਭਰ ‘ਚ ਇੱਕ ਦਿਨ ਵਿੱਚ ਸਭ ਤੋਂ ਵੱਧ ਕੋਵਿਡ ਟੈੱਸਟ 41,464 ਕੀਤੇ ਗਏ।
ਪ੍ਰਧਾਨ ਮੰਤਰੀ ਆਰਡਰਨ ਨੇ ਕੱਲ੍ਹ ਹੋਈ ਟੈਸਟਿੰਗ ਅਤੇ ਵੈਕਸੀਨੇਸ਼ਨ ਦੀ ‘ਰਿਕਾਰਡ ਨੰਬਰ’ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, “ਸਾਨੂੰ ਵਾਇਰਸ ਦੀ ਸਹੀ ਤਸਵੀਰ ਪ੍ਰਾਪਤ ਕਰਨ ਲਈ ਟੈੱਸਟ, ਟੈੱਸਟ, ਟੈੱਸਟ ਕਰਨ ਦੀ ਜ਼ਰੂਰਤ ਹੈ’। ਆਕਲੈਂਡ ਵਿੱਚ ਅੱਜ 14 ਟੈਸਟਿੰਗ ਸੈਂਟਰ ਖੁੱਲ੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਵੈਲਿੰਗਟਨ ਵਿੱਚ 6 ਟੈਸਟਿੰਗ ਸੈਂਟਰ ਹਨ, ਜਿਨ੍ਹਾਂ ਵਿੱਚ 3 ਪੌਪ ਅੱਪਸ ਵੀ ਸ਼ਾਮਲ ਹਨ।
ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਅਤੇ ਦੋ ਹੋਰ ਚੋਟੀ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਕੋਵਿਡ ਲਈ ਪਾਜ਼ੇਟਿਵ ਟੈੱਸਟ ਆਏ ਹਨ, ਜਿਸ ਕਰਕੇ ਘੱਟੋ ਘੱਟ 7000 ਸੈਕੰਡਰੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਈਸੋਲੇਸ਼ਨ ਵਿੱਚ ਭੇਜਿਆ ਗਿਆ।
ਜ਼ਿਕਰਯੋਗ ਹੈ ਕਿ ਡੈਲਟਾ ਪ੍ਰਕੋਪ ਨੇ ਟੀਵੀ ਸਟਾਰ ਹਿਲੇਰੀ ਬੈਰੀ ਅਤੇ 1,000 ਹੋਰਾਂ ਨੂੰ ਗਾਲਾ ਐਵਾਰਡ ਡਿਨਰ ਦੌਰਾਨ ਇੱਕ ਪਾਜ਼ੇਟਿਵ ਕੇਸ ਦੇ ਬਾਅਦ ਆਈਸੋਲੇਸ਼ਨ ਵਿੱਚ ਭੇਜ ਦਿੱਤਾ ਹੈ। ਗੌਰਤਲਬ ਹੈ ਕਿ ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਅੱਜ ਦੁਪਹਿਰ 1 ਵਜੇ ਪ੍ਰੈੱਸ ਕਾਨਫ਼ਰੰਸ ਵਿੱਚ ਨਹੀਂ ਆਏ।