ਕੋਵਿਡ -19 ਡੈਲਟਾ ਆਊਟਬ੍ਰੇਕ: ਨੌਰਥਲੈਂਡ ਦਾ ਉੱਤਰੀ ਹਿੱਸਾ ਰਾਤ 11.59 ਵਜੇ ਤੋਂ ਅਲਰਟ ਲੈਵਲ 3 ‘ਤੇ ਚਲਾ ਗਿਆ

ਵੈਲਿੰਗਟਨ, 3 ਨਵੰਬਰ (ਕੂਕ ਪੰਜਾਬੀ ਸਮਾਚਾਰ) – ਅੱਜ ਬੁੱਧਵਾਰ ਤੋਂ ਨੌਰਥਲੈਂਡ ਦਾ ਉੱਤਰੀ ਹਿੱਸਾ ਅਲਰਟ ਲੈਵਲ 3 ਵਿੱਚ ਹੈ ਕਿਉਂਕਿ ਤਾਈਪਾ ਵਿੱਚ ਆਏ ਦੋ ਕੇਸਾਂ ਦਾ ਸੰਬੰਧ ਕੋਵਿਡ ਮਹਾਂਮਾਰੀ ਪ੍ਰਕੋਪ ਨਾਲ ਜੁੜ ਨਹੀਂ ਸਕਿਆ ਹੈ।
ਜ਼ਿਕਰਯੋਗ ਹੈ ਕਿ ਕੱਲ੍ਹ ਕੋਵਿਡ -19 ਰਿਸਪੋਂਸ ਮੰਤਰੀ ਕ੍ਰਿਸ ਹਿਪਕਿਨਜ਼ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਐਲਾਨ ਕੀਤਾ ਕਿ ਦੂਰ ਉੱਤਰੀ ਖੇਤਰ ਵਿੱਚ ਰਿਪੋਰਟ ਕੀਤੇ ਗਏ ਦੋ ਅਣਲਿੰਕ ਕਮਿਊਨਿਟੀ ਕੇਸਾਂ ਤੋਂ ਬਾਅਦ, ਖੇਤਰ ਦਾ ਉੱਤਰੀ ਹਿੱਸਾ ਅੱਜ ਰਾਤ 11.59 ਵਜੇ ਤੋਂ ਅਲਰਟ ਲੈਵਲ 3 ‘ਤੇ ਚਲਾ ਜਾਵੇਗਾ। ਹਿਪਕਿਨਜ਼ ਨੇ ਕਿਹਾ, ‘ਇੱਕ ਸੀਮਾ ਬਣਾਈ ਜਾਵੇਗੀ ਜੋ ਹੋਕੀਆੰਗਾ ਬੰਦਰਗਾਹ ਦੇ ਕੇਂਦਰ ਤੋਂ ਮੰਗਾਮੁਕਾ ਜੰਕਸ਼ਨ ਤੱਕ SH 1 ‘ਤੇ ਕਾਓ ਰਿਵਰ ਬ੍ਰਿਜ ਤੋਂ SH 10 ਅਤੇ ਈਸਟ ਬੇ ਤੱਕ ਹੋਵੇਗੀ ਤਾਂ ਜੋ ਕਿਸੇ ਵੀ ਸੰਭਾਵੀ ਫੈਲਾਓ ਨੂੰ ਰੋਕਣ ਵਿੱਚ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਬੱਬਲ ਵਿੱਚ ਘਰ ਰਹਿਣਾ ਚਾਹੀਦਾ ਹੈ, ਲੱਛਣਾਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਅਤੇ ਜੇ ਉਹ ਬਿਮਾਰ ਮਹਿਸੂਸ ਕਰ ਰਹੇ ਹਨ ਤਾਂ ਟੈੱਸਟ ਕਰਵਾਉਣਾ ਚਾਹੀਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਚਿਹਰਾ ਢੱਕਣ ਅਤੇ ਕਿਸੇ ਵੀ ਹਰਕਤ ਨੂੰ ਰਿਕਾਰਡ ਕਰਨ ਲਈ NZ ਕੋਵਿਡ ਟਰੇਸਰ ਐਪ ਦੀ ਵਰਤੋਂ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਹਾਲਾਂਕਿ ਅੱਜ ਦਾ ਰਿਪੋਰਟ ਕੀਤਾ ਗਿਆ ਕੇਸ ਕੱਲ੍ਹ ਰਿਪੋਰਟ ਕੀਤੇ ਗਏ ਇੱਕ ਕੇਸ ਦਾ ਇੱਕ ਘਰੇਲੂ ਸੰਪਰਕ ਹੈ, ਦੋਵੇਂ ਕੇਸ ਇਸ ਪੜਾਅ ‘ਤੇ ਨੌਰਥਲੈਂਡ ਦੇ ਦੂਜੇ ਕੇਸਾਂ ਨਾਲ ਅਣਲਿੰਕ ਹਨ। ਕਿਸੇ ਵੀ ਦਿਲਚਸਪੀ ਵਾਲੇ ਸਥਾਨਾਂ ਅਤੇ ਨਜ਼ਦੀਕੀ ਸੰਪਰਕਾਂ ਦੀ ਪਛਾਣ ਕਰਨ ਲਈ ਸੰਪਰਕ ਟਰੇਸਿੰਗ ਅਤੇ ਪਬਲਿਕ ਹੈਲਥ ਇੰਟਰਵਿਊ ਚੱਲ ਰਹੇ ਹਨ ਅਤੇ ਨੌਰਥਲੈਂਡ ਵਾਸੀਆਂ ਨੂੰ ਦਿਲਚਸਪੀ ਵਾਲੇ ਸਥਾਨਾਂ ‘ਤੇ ਅੱਪਡੇਟ ਲਈ ਸਿਹਤ ਮੰਤਰਾਲੇ ਦੀ ਵੈੱਬਸਾਈਟ ਦੇਖਣ ਦੀ ਅਪੀਲ ਕੀਤੀ ਜਾਂਦੀ ਹੈ।