ਕੋਵਿਡ -19 ਦੇ ਖ਼ਾਤਮੇ ਲਈ ਡੀਆਰਡੀਓ ਵੱਲੋਂ ਵਿਕਸਤ 2-ਡੀਜੀ ਦਵਾਈ ਲਾਂਚ

ਨਵੀਂ ਦਿੱਲੀ, 17 ਮਈ – ਕੋਵਿਡ ਵਾਇਰਸ ਦੇ ਖ਼ਾਤਮੇ ਲਈ ਡੀਆਰਡੀਓ ਵੱਲੋਂ ਵਿਕਸਤ ਦਵਾਈ 2-ਡੀਜੀ ਦਾ ਪਹਿਲਾ ਬੈਚ ਅੱਜ ਲਾਂਚ ਕਰ ਦਿੱਤਾ ਗਿਆ। ਦੇਸ਼ ਦੇ ਬਹੁਤੇ ਹਿੱਸਿਆਂ ‘ਚ ਕੋਰੋਨਾ ਦੇ ਕਹਿਰ ਦਰਮਿਆਨ ਇਹ ਦਵਾਈ ‘ਆਸ ਦੀ ਨਵੀਂ ਕਿਰਨ’ ਬਣ ਕੇ ਆਈ ਹੈ। ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨਾਲ ਦਵਾਈ ਜਾਰੀ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ 2-ਡੀਆਕਸੀ-ਡੀ-ਗਲੂਕੋਜ਼ (2-ਡੀਜੀ) ਨੇ ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ‘ਚ ਉਮੀਦ ਦੀ ਕਿਰਨ ਜਗਾਈ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਇਹ ਦਵਾਈ ਅਸਰਦਾਰ ਸਾਬਿਤ ਹੋਵੇਗੀ। ਇਸ ਮਹੀਨੇ ਦੇ ਸ਼ੁਰੂ ‘ਚ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ ਨੇ ਕੋਰੋਨਾਵਾਇਰਸ ਦੇ ਦਰਮਿਆਨੇ ਤੋਂ ਗੰਭੀਰ ਮਰੀਜ਼ਾਂ ਦੇ ਇਲਾਜ ਲਈ 2-ਡੀਜੀ ਦੀ ਐਮਰਜੈਂਸੀ ਵਰਤੋਂ ਨੂੰ ਪ੍ਰਵਾਨਗੀ ਦਿੱਤੀ ਸੀ। ਰੱਖਿਆ ਮੰਤਰੀ ਨੇ ਕਿਹਾ ਕਿ ਦਵਾਈ ਮੁਲਕ ਦੀ ਵਿਗਿਆਨਕ ਤਾਕਤ ਦੀ ਵੱਡੀ ਮਿਸਾਲ ਹੈ। ਉਨ੍ਹਾਂ ਹਥਿਆਰਬੰਦ ਬਲਾਂ ਵੱਲੋਂ ਮਹਾਂਮਾਰੀ ਨਾਲ ਸਿੱਝਣ ‘ਚ ਸਿਵਲੀਅਨ ਅਧਿਕਾਰੀਆਂ ਨੂੰ ਦਿੱਤੇ ਯੋਗਦਾਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਜਵਾਨਾਂ ਦੀ ਤਾਇਨਾਤੀ ਨਾਲ ਸਰਹੱਦਾਂ ‘ਤੇ ਫ਼ੌਜ ਦੀਆਂ ਤਿਆਰੀਆਂ ‘ਤੇ ਕੋਈ ਅਸਰ ਨਹੀਂ ਪਿਆ ਹੈ। ‘ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਅਸੀਂ ਯਕੀਨੀ ਬਣਾਇਆ ਹੈ ਕਿ ਸਰਹੱਦਾਂ ‘ਤੇ ਸਾਡੀਆਂ ਤਿਆਰੀਆਂ ‘ਤੇ ਕੋਈ ਅਸਰ ਨਾ ਪਵੇ। ਅਸੀਂ ਚੰਗੀ ਤਰ੍ਹਾਂ ਨਾਲ ਜਾਣਦੇ ਹਾਂ ਕਿ ਜਿੰਨੀ ਵੀ ਵੱਡੀ ਮੁਸ਼ਕਲ ਹੋਵੇ, ਅਸੀਂ ਉਸ ‘ਤੇ ਫ਼ਤਿਹ ਪਾ ਲਵਾਂਗੇ।’ ਇੱਥੇ ਡੀਆਰਡੀਓ ਹੈੱਡਕੁਆਟਰ ‘ਤੇ ਰੱਖੇ ਗਏ ਸਮਾਗਮ ਦੌਰਾਨ ਕੋਰੋਨਾਵਾਇਰਸ ਸੰਕਟ ਬਾਰੇ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਢਿੱਲੇ ਪੈਣ ਅਤੇ ਥੱਕਣ ਦਾ ਸਮਾਂ ਨਹੀਂ ਹੈ ਕਿਉਂਕਿ ਮਹਾਂਮਾਰੀ ਦਾ ਅਗਲਾ ਕਿਹੜਾ ਰੂਪ ਨਜ਼ਰ ਆਵੇਗਾ, ਕਿਸੇ ਨੂੰ ਕੁੱਝ ਵੀ ਨਹੀਂ ਪਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਰੇ ਹਾਲਾਤ ਨੂੰ ਗੰਭੀਰਤਾ ਨਾਲ ਲਿਆ ਹੈ।