ਕੋਵਿਡ -19: ਨਿਊਜ਼ੀਲੈਂਡ ‘ਚ ਅੱਜ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ

ਵੈਲਿੰਗਟਨ, 19 ਜੂਨ – ਨਿਊਜ਼ੀਲੈਂਡ ‘ਚ ਅੱਜ ਹੋਰ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਨਵੇਂ ਕੇਸਾਂ ਦੀ ਗਿਣਤੀ 3 ਹੀ ਹੈ, ਜਿਸ ਵਿੱਚ ਬ੍ਰਿਟੇਨ ਤੋਂ ਆਇਆ 2 ਮਹਿਲਾਵਾਂ ਅਤੇ 1 ਪਾਕਿਸਤਾਨੀ ਤੋਂ ਆਇਆ ਵਿਅਕਤੀ ਹੈ। ਦੇਸ਼ ਵਿੱਚ ਕੁੱਲ ਮਿਲਾ ਕੇ 1507 ਪੁਸ਼ਟੀ ਕੀਤੇ ਅਤੇ ਸੰਭਾਵਿਤ ਕੇਸ ਹੀ ਹਨ।
ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦਾ ਕੋਈ ਨਵਾਂ ਕੇਸ ਨਹੀਂ ਹੈ। ਕੱਲ੍ਹ 6273 ਟੈੱਸਟ ਪੂਰੇ ਹੋਏ ਸਨ ਅਤੇ ਕੁੱਲ 327,460 ਟੈੱਸਟ ਹੋ ਗਏ ਹਨ। ਟੈੱਸਟ ਕਮਿਊਨਿਟੀ ਮੈਂਬਰਾਂ ਅਤੇ ਮੈਨੇਜਡ ਆਈਸੋਲੇਸ਼ਨ ਵਾਲੇ ਵਿਅਕਤੀਆਂ ‘ਤੇ ਸਨ। ਉਨ੍ਹਾਂ ਨੇ ਕਿਹਾ ਕਿ ਅੱਜ ਘੱਟੋ ਘੱਟ 700 ਹੋਰ ਟੈੱਸਟ ਕੀਤੇ ਜਾ ਰਹੇ ਹਨ।
ਬਲੂਮਫੀਲਡ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਤਿੰਨ ਤਾਜ਼ਾ ਕੋਵਿਡ -19 ਮਾਮਲਿਆਂ ਦੇ ਸੰਪਰਕ ਵਾਲੇ ਵਿਅਕਤੀਆਂ ਦਾ ਪਿੱਛਾ ਕੀਤਾ ਗਿਆ ਅਤੇ ਟੈੱਸਟ ਕੀਤੇ ਜਾ ਰਹੇ ਹਨ। ਟੈਸਟਿੰਗ ਦੇ ਵੱਡੇ ਦਿਨ ਦੇ ਬਾਵਜੂਦ, ਅਜੇ ਤੱਕ ਕੋਈ ਸਕਾਰਾਤਮਿਕ ਨਤੀਜਾ ਨਹੀਂ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅਪ੍ਰੈਲ ਵਿੱਚ ਮੈਨੇਜਡ ਆਈਸੋਲੇਸ਼ਨ ਅਤੇ ਕੁਆਰੰਟੀਨ ਸਹੂਲਤਾਂ ਸ਼ੁਰੂ ਹੋਣ ਤੋਂ ਬਾਅਦ 19,000 ਤੋਂ ਵੱਧ ਲੋਕ ਇਨ੍ਹਾਂ ਵਿੱਚੋਂ ਲੰਘੇ ਹਨ।
ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 1157 ਪੁਸ਼ਟੀ ਹੋਏ ਅਤੇ ਕੁੱਲ 1507 ਕੇਸ ਹਨ, ਜਿਨ੍ਹਾਂ ਵਿੱਚ ਸੰਭਾਵਿਤ ਕੇਸ ਵੀ ਸ਼ਾਮਲ ਹਨ। ਕੋਵਿਡ -19 ਤੋਂ 1,482 ਲੋਕੀ ਰਿਕਵਰ ਹੋਏ ਹਨ। ਦੇਸ਼ ਵਿੱਚ ਮੌਤਾਂ ਦੀ ਗਿਣਤੀ 22 ਹੀ ਹੈ।