ਕੋਵਿਡ -19: ਨਿਊਜ਼ੀਲੈਂਡ ‘ਚ ਅੱਜ ਤੋਂ ਕੋਰੋਨਾਵਾਇਰਸ ਅੱਪਡੇਟ ਹਫ਼ਤੇ ‘ਚ 4 ਦਿਨ ਜਾਰੀ ਕੀਤੀ ਜਾਏਗੀ, ਅੱਜ ਕੋਈ ਅੱਪਡੇਟ ਨਹੀਂ

ਵੈਲਿੰਗਟਨ, 10 ਦਸੰਬਰ (ਕੂਕ ਪੰਜਾਬੀ ਸਮਾਚਾਰ) – ਸਿਹਤ ਮੰਤਰਾਲੇ ਨੇ 9 ਮਹੀਨਿਆਂ ਯਾਨੀ ਮਾਰਚ ਤੋਂ ਬਾਅਦ ਪਹਿਲੀ ਵਾਰ 10 ਦਸੰਬਰ ਦਿਨ ਵੀਰਵਾਰ ਨੂੰ ਕੋਵਿਡ -19 ਦੇ ਕੋਈ ਨਵੇਂ ਕੇਸ ਸਾਹਮਣੇ ਆਏ ਹਨ ਜਾਂ ਨਹੀਂ ਬਾਰੇ ਐਲਾਨ ਨਹੀਂ ਕੀਤਾ। ਮੰਤਰਾਲੇ ਵੱਲੋਂ ਕੋਵਿਡ -19 ਦੇ ਕੇਸਾਂ ਬਾਰੇ ਅੱਜ ਕੋਈ ਅੱਪਡੇਟ ਜਾਰੀ ਨਹੀਂ ਕੀਤੀ ਗਈ ਹੈ। ਕੋਵਿਡ -19 ਦੇ ਕੇਸਾਂ ਬਾਰੇ ਹੁਣ ਅੱਪਡੇਟ ਹਫ਼ਤੇ ‘ਚ ਚਾਰ ਦਿਨ ਜਾਰੀ ਹੋਵੇਗੀ।
ਨਿਊਜ਼ੀਲੈਂਡ ‘ਚ 28 ਫਰਵਰੀ ਨੂੰ ਕੋਵਿਡ -19 ਦਾ ਪਹਿਲਾ ਪੁਸ਼ਟੀ ਹੋਇਆ ਕੇਸ ਸਾਹਮਣੇ ਆਇਆ ਸੀ ਅਤੇ ਸਿਹਤ ਮੰਤਰਾਲੇ ਵੱਲੋਂ 3 ਮਾਰਚ ਤੋਂ ਰੋਜ਼ਾਨਾ ਨਵੇਂ ਮਾਮਲਿਆਂ ਬਾਰੇ ਮੀਡੀਆ ਅਤੇ ਜਨਤਾ ਨੂੰ ਅੱਪਡੇਟ ਕੀਤਾ ਜਾਂਦਾ ਰਿਹਾ ਹੈ। ਪਰ 7 ਦਸੰਬਰ ਦਿਨ ਸੋਮਵਾਰ ਨੂੰ ਸਿਹਤ ਮੰਤਰਾਲੇ ਨੇ ਐਲਾਨ ਕੀਤੀ ਸੀ ਕਿ ਉਹ ਕੋਵਿਡ -19 ਬਾਰੇ ਰੋਜ਼ਾਨਾ ਦਿੱਤੀ ਜਾਂਦੀ ਅੱਪਡੇਟਸ ਨੂੰ ਹੁਣ ਘਟਾ ਕੇ ਹਫ਼ਤੇ ਵਿੱਚ 4 ਵਾਰ ਯਾਨੀ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਦੇਵੇਗਾ। ਮੰਤਰਾਲੇ ਇਨ੍ਹਾਂ ਦਿਨਾਂ ਵਿੱਚ ਉਨ੍ਹਾਂ ਕੇਸਾਂ ਬਾਰੇ ਰਿਪੋਰਟ ਦੇਵੇਗਾ, ਜਿਨ੍ਹਾਂ ਦੇ ਪਿਛਲੀ ਅੱਪਡੇਟ ਤੋਂ ਬਾਅਦ ਦੇ ਦਿਨਾਂ ਵਿੱਚ ਮੈਨੇਜਡ ਆਈਸੋਲੇਸ਼ਨ ਪਾਜ਼ੇਟਿਵ ਟੈੱਸਟ ਆਏ ਹਨ। ਪਰ ਕੋਈ ਵੀ ਮਹੱਤਵਪੂਰਣ ਡਿਵੈਲਪਮੈਂਟ ਹੋਣ ਜਿਵੇਂ ਕਮਿਊਨਿਟੀ ਵਿੱਚ ਕੋਈ ਕੇਸ ਆਉਂਦਾ ਹੈ ਤਾਂ ਲੋੜ ਪੈਣ ਉੱਤੇ ਜਲਦੀ ਵੀ ਅੱਪਡੇਟ ਕੀਤਾ ਜਾਵੇਗਾ।