ਕੋਵਿਡ -19: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਅੱਜ 2 ਹੋਰ ਨਵੇਂ ਕੇਸ ਸਾਹਮਣੇ ਆਏ ਹਨ, 1 ਹੋਰ ਨਵਾਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਆਇਆ

ਵੈਲਿੰਗਟਨ, 17 ਫਰਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਅੱਜ ਕਮਿਊਨਿਟੀ ‘ਚ 2 ਨਵੇਂ ਕੇਸ ਆਏ ਹਨ, ਜਿਨ੍ਹਾਂ ਦਾ ਸੰਬੰਧ ਐਤਵਾਰ ਨੂੰ ਆਏ ਤਿੰਨ ਕੇਸਾਂ ਨਾਲ ਹੈ। ਜਦੋਂ ਕਿ ਅੱਜ 1 ਨਵਾਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਆਇਆ ਹੈ ਜੋ 14 ਫਰਵਰੀ ਨੂੰ ਕਜ਼ਾਕਿਸਤਾਨ ਤੋਂ ਨਿਊਜ਼ੀਲੈਂਡ ਆਇਆ ਸੀ।
ਅੱਜ ਆਏ ਕਮਿਊਨਿਟੀ ਦੇ 2 ਨਵੇਂ ਭੈਣ-ਭਰਾ ਦੇ ਹਨ ਜੋ ਦੋਵੇਂ ਸਾਊਥ ਆਕਲੈਂਡ ਦੇ ਪਾਪਾਟੋਏਟੋਏ ਹਾਈ ਸਕੂਲ ਵਿੱਚ ਪੜ੍ਹਦੇ ਹਨ। ਇਨ੍ਹਾਂ ਦੋਵਾਂ ਵਿੱਚੋਂ ਲੜਕੀ ਪਹਿਲਾਂ ਤੋਂ ਹੀ ਪਾਜ਼ੇਟਿਵ ਆਈ ਆਪਣੇ ਸਕੂਲ ਦੀ ਵਿਦਿਆਰਥਣ ਦਾ ਇਕ ਨਜ਼ਦੀਕੀ ਸੰਪਰਕ ਹੈ, ਜਦੋਂ ਕਿ ਉਸ ਦਾ ਭਰਾ ਇਕ ਕੈਜ਼ੂਅਲ ਪਲੱਸ ਸੰਪਰਕ ਹੈ।
ਅੱਜ ਆਏ 2 ਨਵੇਂ ਕੇਸਾਂ ਦਾ ਐਲਾਨ ਦੁਪਹਿਰ 1.00 ਵਜੇ ਤੋਂ ਪਹਿਲਾਂ ਕੋਵਿਡ -19 ਦੇ ਰਿਪੋਂਸ ਮੰਤਰੀ ਕ੍ਰਿਸ ਹਿਪਕਿਨਸ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ 11.30 ਵਜੇ ਤੱਕ ਕੁੱਲ ਮਿਲਾ ਕੇ ਪਾਪਾਟੋਏਟੋਏ ਹਾਈ ਸਕੂਲ ਵਿਖੇ 31 ਨਜ਼ਦੀਕੀ ਸੰਪਰਕ ਅਤੇ 1532 ਕੈਜ਼ੂਅਲ ਪਲੱਸ ਸੰਪਰਕ ਦੀ ਪਛਾਣ ਕੀਤੀ ਗਈ ਹੈ। 2 ਨਜ਼ਦੀਕੀ ਸੰਪਰਕਾਂ ਦੇ ਨਤੀਜੇ ਅਤੇ 433 ਕੈਜ਼ੂਅਲ ਪਲੱਸ ਸੰਪਰਕ ਨੇ ਨਤੀਜੇ ਹਾਲੇ ਵੀ ਆਉਣੇ ਬਾਕੀ ਹਨ। ਕੁਲ ਮਿਲਾ ਕੇ ਸੰਪਰਕ ਟਰੇਸਿੰਗ ਨੇ ਪਰਿਵਾਰ ਨਾਲ ਜੁੜੇ 128 ਨੇੜਲੇ ਸੰਪਰਕਾਂ ਦੀ ਪਛਾਣ ਕੀਤੀ ਸੀ। ਜਿਨ੍ਹਾਂ ਵਿੱਚੋਂ 76 ਦੇ ਨੈਗੇਟਿਵ ਟੈੱਸਟ ਆਏ, ਜਦੋਂ ਕਿ 1 ਜਮਾਤੀ ਵਿਦਿਆਰਥਣ ਦਾ ਨਤੀਜਾ ਪਾਜ਼ੇਟਿਵ ਆਇਆ ਅਤੇ 49 ਦੇ ਨਤੀਜੇ ਆਉਣੇ ਹਨ।
ਸਿਹਤ ਵਿਭਾਗ ਦੇ ਡਾਇਰੈਕਟਰ-ਜਨਰਲ ਡਾ. ਬਲੂਮਫੀਲਡ ਨੇ ਕਿਹਾ ਕਿ ਸਹਿਪਾਠੀ ਅਤੇ ਉਸ ਦੇ ਪਰਿਵਾਰਕ ਮੈਂਬਰ ਟੈੱਸਟ ਦੇ ਨਤੀਜਾ ਦੀ ਉਡੀਕ ਕਰ ਰਹੇ ਹਨ, ਉਦੋਂ ਤੋਂ ਉਹ ਅਲੱਗ ਰਹਿ ਰਹੇ ਹਨ। ਸ਼ਾਮ 4.30 ਵਜੇ ਇੱਕ ਮੀਡੀਆ ਕਾਨਫ਼ਰੰਸ ਵਿੱਚ ਜਦੋਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਲਰਟ ਲੈਵਲ ਉੱਤੇ ਕੈਬਨਿਟ ਦੇ ਫ਼ੈਸਲੇ ਦਾ ਐਲਾਨ ਕਰਨਗੇ ਤਾਂ ਨਾਲ ਹੀ ਇਨ੍ਹਾਂ ਸੰਬੰਧੀ ਹੋਰ ਵਧੇਰੇ ਜਾਣਕਾਰੀ ਦੇ ਨਾਲ ਦਿਲਚਸਪੀ ਵਾਲੀਆਂ ਥਾਵਾਂ ਬਾਰੇ ਖ਼ੁਲਾਸਾ ਕੀਤਾ ਜਾਏਗਾ। ਜ਼ਿਕਰਯੋਗ ਹੈ ਕਿ ਆਕਲੈਂਡ ਐਤਵਾਰ ਰਾਤ 11.59 ਵਜੇ ਤੋਂ ਲੌਕਡਾਉਨ ਦੇ ਅਲਰਟ ਲੈਵਲ 3 ਅਤੇ ਦੇਸ਼ ਦੇ ਬਾਕੀ ਹਿੱਸਿਆਂ ਨੂੰ 72 ਘੰਟਿਆਂ ਲਈ ਅਲਰਟ ਲੈਵਲ 2 ਦੇ ਲੌਕਡਾਉਨ ਵਿੱਚ ਚੱਲ ਰਿਹਾ ਹੈ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,340 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਇਸ ਵੇਲੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 49 ਹੈ, ਜਿਨ੍ਹਾਂ ਵਿੱਚੋਂ 5 ਕੇਸ ਕਮਿਊਨਿਟੀ ਦੇ ਹਨ। ਜਿਨ੍ਹਾਂ ਵਿੱਚੋਂ 1,984 ਕੰਨਫ਼ਰਮ ਕੇਸ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2265 ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਹੁਣ ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੋ ਗਈ ਹੈ।