ਕੋਵਿਡ-19 – ਭਾਰਤੀ ਉਡਾਣਾਂ ‘ਚ ਹਵਾਈ ਯਾਤਰੀਆਂ ਲਈ ਮਾਸਕ ਪਹਿਨਣਾ ਲਾਜ਼ਮੀ

ਨਵੀਂ ਦਿੱਲੀ, 17 ਅਗਸਤ – ਕਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਸ਼ਹਿਰੀ ਹਵਾਬਾਜ਼ੀ ਰੈਗੂਲੇਟਰੀ ਅਥਾਰਿਟੀ ਡੀਜੀਸੀਏ ਨੇ ਅੱਜ ਹੁਕਮ ਜਾਰੀ ਕੀਤੇ ਹਨ ਕਿ ਭਾਰਤੀ ਉਡਾਣਾਂ ਵਿੱਚ ਕੋਵਿਡ-19 ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਤੇ ਮੁਸਾਫਿਰਾਂ ਲਈ ਮਾਸਕ ਪਹਿਨਣਾ ਲਾਜ਼ਮੀ ਕੀਤਾ ਜਾਵੇ। ਇਸ ਸਬੰਧ ਵਿੱਚ ਡੀਜੀਸੀਏ ਵੱਲੋਂ ਜਹਾਜ਼ਾਂ ਵਿੱਚ ਜਾਂਚ ਮੁਹਿੰਮ ਵੀ ਚਲਾਈ ਜਾਵੇਗੀ।
ਏਅਰਲਾਈਨਜ਼ ਨੂੰ ਕਿਹਾ ਗਿਆ ਹੈ ਕਿ ਯਾਤਰੀਆਂ ਦੀ ਸਵੱਛਤਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਸਫਰ ਦੌਰਾਨ ਮਾਸਕ ਨਾ ਪਹਿਨਣ ਵਾਲੇ ਯਾਤਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਬੁੱਧਵਾਰ ਨੂੰ ਕਰੋਨਾ ਵਾਇਰਸ ਦੇ 9,062 ਨਵੇਂ ਕੇਸ ਸਾਹਮਣੇ ਆਏ ਹਨ ਤੇ ਕਰੋਨਾ ਕੇਸਾਂ ਦੀ ਕੁੱਲ ਗਿਣਤੀ 4,42,86,256 ਹੋ ਗਈ ਹੈ। ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 1,05,058 ਹੈ।