ਕੋਵਿਡ-19: ਰਾਹੁਲ ਗਾਂਧੀ ਕੋਵਿਡ ਦੇ ਮੱਦੇਨਜ਼ਰ ਯਾਤਰਾ ਰੱਦ ਕਰਨ – ਸਿਹਤ ਮੰਤਰੀ ਮਾਂਡਵੀਆ

ਨਵੀਂ ਦਿੱਲੀ, 21 ਦਸੰਬਰ – ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਭਾਜਪਾ ਦੇ ਤਿੰਨ ਸੰਸਦ ਮੈਂਬਰਾਂ ਵੱਲੋਂ ਕੋਰੋਨਾਵਾਇਰਸ ਫੈਲਣ ਦੇ ਉਠਾਏ ਗਏ ਖ਼ਦਸ਼ਿਆਂ ਦਾ ਹਵਾਲਾ ਦਿੰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਵਿਡ ਨੇਮਾਂ ਦਾ ਪਾਲਣ ਨਹੀਂ ਕੀਤਾ ਜਾ ਸਕਦਾ ਹੈ ਤਾਂ ਉਹ ਭਾਰਤ ਜੋੜੋ ਯਾਤਰਾ ਮੁਅੱਤਲ ਕਰਨ ਬਾਰੇ ਵਿਚਾਰ ਕਰਨ।
ਕੋਵਿਡ-19 ਮੁੜ ਤੋਂ ਫੈਲਣ ਦੇ ਖ਼ਦਸ਼ੇ ਤਹਿਤ ਭਾਰਤ ਜੋੜੋ ਯਾਤਰਾ ਨੂੰ ਨਿਸ਼ਾਨਾ ਬਣਾਉਣ ਲਈ ਸਰਕਾਰ ਦੀ ਆਲੋਚਨਾ ਕਰਦਿਆਂ ਕਾਂਗਰਸ ਨੇ ਭਾਜਪਾ ਵੱਲੋਂ ਕਰਨਾਟਕ ਅਤੇ ਰਾਜਸਥਾਨ ’ਚ ਕੱਢੀਆਂ ਜਾ ਰਹੀਆਂ ਯਾਤਰਾਵਾਂ ’ਤੇ ਸਵਾਲ ਉਠਾਏ ਹਨ। ਪਾਰਟੀ ਨੇ ਕਿਹਾ ਹੈ ਕਿ ਜਨ ਸਿਹਤ ਦਾ ਮੁੱਦਾ ਇੰਨਾ ਗੰਭੀਰ ਨਹੀਂ ਹੈ ਕਿ ਉਸ ’ਤੇ ਸਿਆਸਤ ਕੀਤੀ ਜਾਵੇ।
ਰਾਹੁਲ ਗਾਂਧੀ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਲਿਖੇ ਪੱਤਰ ’ਚ ਮਾਂਡਵੀਆ ਨੇ ਕਿਹਾ ਕਿ ਰਾਜਸਥਾਨ ਦੇ ਤਿੰਨ ਸੰਸਦ ਮੈਂਬਰਾਂ ਪੀ ਪੀ ਚੌਧਰੀ, ਨਿਹਾਲ ਚੰਦ ਅਤੇ ਦੇਵੀਜੀ ਪਟੇਲ ਨੇ ਕੋਵਿਡ ਦੇ ਫੈਲਾਅ ’ਤੇ ਚਿੰਤਾ ਜਤਾਈ ਹੈ। ਉਨ੍ਹਾਂ ਬੇਨਤੀ ਕੀਤੀ ਹੈ ਕਿ ਮਾਰਚ ਦੌਰਾਨ ਮਾਸਕ ਅਤੇ ਸੈਨੇਟਾਈਜ਼ਰ ਦੀ ਵਰਤੋਂ ਸਮੇਤ ਕੋਵਿਡ ਪ੍ਰੋਟੋਕਾਲ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ ਅਤੇ ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ ਹੀ ਯਾਤਰਾ ’ਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ। ਸੰਸਦ ਮੈਂਬਰਾਂ ਨੇ ਕੇਂਦਰੀ ਮੰਤਰੀ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਯਾਤਰਾ ’ਚ ਸ਼ਾਮਲ ਹੋਣ ਵਾਲਿਆਂ ਨੂੰ ਪਹਿਲਾਂ ਅਤੇ ਬਾਅਦ ’ਚ ਇਕਾਂਤਵਾਸ ’ਚ ਰੱਖਿਆ ਜਾਣਾ ਚਾਹੀਦਾ ਹੈ।
ਉਧਰ ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਇਕ ਬਿਆਨ ’ਚ ਕਿਹਾ ਕਿ ਕੇਂਦਰੀ ਸਿਹਤ ਮੰਤਰੀ ਨੇ ਰਾਜਸਥਾਨ ਦੇ ਭਾਜਪਾ ਸੰਸਦ ਮੈਂਬਰਾਂ ਵੱਲੋਂ ਲਿਖੇ ਪੱਤਰ ਦੇ ਆਧਾਰ ’ਤੇ ਚਿੱਠੀ ਲਿਖੀ ਹੈ ਜਿਨ੍ਹਾਂ ਦੋਸ਼ ਲਾਇਆ ਹੈ ਕਿ ਭਾਰਤ ਜੋੜੋ ਯਾਤਰਾ ’ਚ ਕੋਵਿਡ ਪ੍ਰੋਟੋਕੋਲ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ’ਚ ਭਾਰਤ ਜੋੜੋ ਯਾਤਰਾ ਦੀ ਭਾਰੀ ਸਫ਼ਲਤਾ ਮਗਰੋਂ ਸੰਸਦ ਮੈਂਬਰਾਂ ਦਾ ਪੱਤਰ ਭੇਜਿਆ ਗਿਆ ਸੀ। ਉਨ੍ਹਾਂ ਕਿਹਾ,‘‘ਸੰਸਦ ’ਚ ਬੈਠਕਾਂ ਆਮ ਵਾਂਗ ਚੱਲ ਰਹੀਆਂ ਹਨ। ਉਡਾਣਾਂ ਸਮੇਤ ਕਿਤੇ ਵੀ ਮਾਸਕ ਲਾਜ਼ਮੀ ਨਹੀਂ ਹਨ। ਜੇਕਰ ਕੋਵਿਡ ਹਾਲਾਤ ਗੰਭੀਰ ਹਨ ਤਾਂ ਸੰਸਦ ਮੁਅੱਤਲ ਕੀਤੀ ਜਾਵੇ, ਜਹਾਜ਼ਾਂ ’ਚ ਮਾਸਕ ਲਾਜ਼ਮੀ ਕੀਤੇ ਜਾਣ ਅਤੇ ਇਕੱਠਾਂ ’ਤੇ ਪਾਬੰਦੀਆਂ ਲਾਈਆਂ ਜਾਣ। ਭਾਜਪਾ ਵੱਲੋਂ ਰਾਜਸਥਾਨ ਅਤੇ ਕਰਨਾਟਕ ’ਚ ਯਾਤਰਾਵਾਂ ਕਿਉਂ ਕੱਢੀਆਂ ਜਾ ਰਹੀਆਂ ਹਨ। ਕੇਂਦਰ ਵੱਲੋਂ ਮੰਗਲਵਾਰ ਨੂੰ ਛੱਡ ਕੇ ਸੂਬਿਆਂ ਨੂੰ ਪਹਿਲਾਂ ਕੋਈ ਪੱਤਰ ਨਹੀਂ ਭੇਜੇ ਗਏ।’’
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਮਾਂਡਵੀਆ ਵੱਲੋਂ ਲਿਖੇ ਗਏ ਪੱਤਰ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਪੱਤਰ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਭਾਜਪਾ ਦਾ ਉਦੇਸ਼ ਭਾਰਤ ਜੋੜੋ ਯਾਤਰਾ ਨੂੰ ਰੋਕਣਾ ਹੈ।