ਕੌਮਾਂਤਰੀ ਗੱਤਕਾ ਦਿਵਸ ਮੌਕੇ ਜੰਗਜੂ ਕਲਾ ਗੱਤਕੇ ਦਾ ਪ੍ਰਦਰਸ਼ਨ

ਗੱਤਕਾ ਦਿਵਸ ਮੌਕੇ ਮੁੱਖ ਮਹਿਮਾਨ ਸੰਤ ਬਾਬਾ ਕਪੂਰ ਸਿੰਘ ਸਨੇਰਾਂ ਵਾਲੇ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਗੱਤਕਾ ਟੀਮ ਨਾਲ ਖੜੇ ਹੋਏ।

ਮੁਹਾਲੀ, 21 ਜੂਨ – ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੌਮਾਂਤਰੀ ਗੱਤਕਾ ਦਿਵਸ ਮੌਕੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਗੱਤਕੇਬਾਜਾਂ ਨੇ ਸਿੱਖ ਵਿਰਾਸਤ ਦੀ ਜੰਗਜੂ ਕਲਾ ਗੱਤਕੇ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਗੁਰਦਵਾਰਾ ਬਾਬੇ ਕੇ ਵਿਖੇ ਕੀਤਾ।
ਇਹ ਜਾਣਕਾਰੀ ਦਿੰਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਵਿੱਤ ਸਕੱਤਰ ਬਲਜੀਤ ਸਿੰਘ ਅਤੇ ਕੋਚ ਯੋਗਰਾਜ ਸਿੰਘ ਨੇ ਕਿਹਾ ਕਿ ਕੋਰੋਨਾਵਾਇਰਸ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਗੱਤਕੇਬਾਜਾਂ ਨੇ ਇਹ ਦਿਵਸ ਮਨਾਇਆ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਵਿੱਚ ਵੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੀਆਂ ਵੱਖ ਵੱਖ ਇਕਾਈਆਂ ਵੱਲੋਂ ਇਸ ਗੱਤਕਾ ਦਿਵਸ ਮੌਕੇ ਵਿਰਾਸਤੀ ਗੱਤਕਾ ਖੇਡ ਕੇ ਸ਼ਾਨਦਾਰ ਪ੍ਰਦਰਸ਼ਨ ਕੀਤੇ ਗਏ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸੰਤ ਬਾਬਾ ਕਪੂਰ ਸਿੰਘ ਸਨੇਰਾਂ ਵਾਲਿਆਂ ਨੇ ਗੱਤਕਾ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਗੱਤਕੇ ਦੇ ਇਤਿਹਾਸ ਅਤੇ ਇਸ ਕਲਾ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਦੇ ਸਿਧਾਂਤ ਨੂੰ ਪ੍ਰਚੱਲਿਤ ਕੀਤਾ ਅਤੇ ਸਿੱਖਾਂ ਨੂੰ ਸੰਤ ਅਤੇ ਸਿਪਾਹੀ ਬਣਾਇਆ। ਗੁਰੂ ਸਾਹਿਬ ਨੇ ਸਰਵ ਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨਣ ਮੌਕੇ ਸਮੂਹ ਸੰਗਤਾਂ ਨੂੰ ਸ਼ਸਤਰਧਾਰੀ ਹੋਣ ਅਤੇ ਸ਼ਸਤਰ ਵਿੱਦਿਆ ਦੇ ਧਾਰਨੀ ਹੁੰਦੇ ਹੋਏ ਵਧੀਆ ਘੋੜੇ ਰੱਖਣ ਦੇ ਆਦੇਸ਼ ਦਿੱਤੇ ਸਨ। ਉਨ੍ਹਾਂ ਖਿਡਾਰੀਆਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਲਈ ਪ੍ਰੇਰਿਤ ਵੀ ਕੀਤਾ।
ਇਸ ਮੌਕੇ ਜਨਰਲ ਸਕੱਤਰ ਹਰਜਿੰਦਰ ਸਿੰਘ, ਗੱਤਕਾ ਕੋਚ ਹਰਵਿੰਦਰ ਸਿੰਘ, ਕੋਆਰਡੀਨੇਟਰ ਭੁਪਿੰਦਰ ਸਿੰਘ ਅਤੇ ਦਰਸ਼ਨ ਸਿੰਘ ਸਿੱਧੂ ਤੋਂ ਇਲਾਵਾ ਹੋਰ ਗੱਤਕਾ ਖਿਡਾਰੀ ਵੀ ਹਾਜ਼ਰ ਸਨ।