ਕ੍ਰਿਕਟ: ਬਲੈਕ ਕੈਪਸ ਆਲ-ਰਾਊਂਡਰ ਕੋਲਿਨ ਡੀ ਗ੍ਰੈਂਡਹੋਮ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲਿਆ

ਆਕਲੈਂਡ, 31 ਅਗਸਤ (ਕੂਕ ਪੰਜਾਬੀ ਸਮਾਚਾਰ) – ਬਲੈਕ ਕੈਪਸ ਦੇ ਹਰਫ਼ਨ-ਮੌਲਾ ਕੋਲਿਨ ਡੀ ਗ੍ਰੈਂਡਹੋਮ ਨੇ ਆਸਟਰੇਲੀਆ ਦੀ ਬਿਗ ਬੈਸ਼ ਲੀਗ ਦੇ ਡਰਾਫ਼ਟ ਵਿੱਚ ਆਪਣੀ ਝਟਕੇ ਵਾਲੀ ਚੋਣ ਦੇ ਦਿਨਾਂ ਬਾਅਦ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 36 ਸਾਲਾ ਖਿਡਾਰੀ ਗ੍ਰੈਂਡਹੋਮ ਨੇ ਬਲੈਕ ਕੈਪਸ ਲਈ 29 ਟੈੱਸਟ, 45 ਵੰਨਡੇ ਅਤੇ 41 ਟੀ-20 ਮੈਚਾਂ ਤੋਂ ਬਾਅਦ ਆਪਣੇ ਇੰਟਰਨੈਸ਼ਨਲ ਕੈਰੀਅਰ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਲਿਆ।
ਡੀ ਗ੍ਰੈਂਡਹੋਮ ਨੂੰ ਐਡੀਲੇਡ ਸਟ੍ਰਾਈਕਰਸ ਨੇ ਪਿਛਲੇ ਐਤਵਾਰ ਨੂੰ BBL ਦੇ ਸ਼ੁਰੂਆਤੀ ਇੰਟਰਨੈਸ਼ਨਲ ਪਲੇਅਰ ਡਰਾਫ਼ਟ ਦੇ ਦੂਜੇ ਗੇੜ ਵਿੱਚ ਚੁਣਿਆ ਸੀ, ਇਹ ਇੱਕ ਅਜਿਹਾ ਕਦਮ ਸੀ ਜੋ ਨਿਊਜ਼ੀਲੈਂਡ ਕ੍ਰਿਕਟ ਲਈ ਹੈਰਾਨੀਜਨਕ ਸੀ ਕਿਉਂਕਿ ਉਹ 2022/2023 ਜੁਲਾਈ ਤੱਕ ਇਕਰਾਰਨਾਮੇ ਅਧੀਨ ਸੀ ਅਤੇ ਇਸ ਲਈ ਆਸਟਰੇਲੀਆਈ ਮੁਕਾਬਲੇ ਵਿੱਚ ਖੇਡਣ ਲਈ ਅਯੋਗ ਸੀ। ਪਰ ਇਸ ਹਫ਼ਤੇ ਵਿਚਾਰ ਵਟਾਂਦਰੇ ਤੋਂ ਬਾਅਦ, ਨਿਊਜ਼ੀਲੈਂਡ ਕ੍ਰਿਕੇਟ ਨੇ ਉਸ ਨੂੰ ਆਪਣੇ ਕੇਂਦਰੀ ਇਕਰਾਰਨਾਮੇ ਤੋਂ ਰਿਹਾਅ ਕਰਨ ਲਈ ਸਹਿਮਤੀ ਦਿੱਤੀ। ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਤੋਂ ਬਾਅਦ ਇਸ ਮਹੀਨੇ ਰਿਲੀਜ਼ ਹੋਣ ਵਾਲਾ ਡੀ ਗ੍ਰੈਂਡਹੋਮ ਦੂਜਾ ਖਿਡਾਰੀ ਬਣ ਗਿਆ, ਜਿਸ ਨੂੰ ਸਟਾਰ ਮੈਲਬੋਰਨ ਲਈ ਤੀਜੇ ਸਮੁੱਚੇ ਚੋਣ ਵਜੋਂ BBL ਡਰਾਫ਼ਟ ਵਿੱਚ ਵੀ ਚੁਣਿਆ ਗਿਆ ਸੀ।
ਬਲੈਕ ਕੈਪਸ ਲਈ 2012 ਵਿੱਚ ਡੈਬਿਊ ਕਰਨ ਵਾਲੇ ਡੀ ਗ੍ਰੈਂਡਹੋਮ ਨੇ ਇੱਕ ਪ੍ਰਭਾਵਸ਼ਾਲੀ ਰਿਕਾਰਡ ਦੇ ਨਾਲ ਇੰਟਰਨੈਸ਼ਨਲ ਪੜਾਓ ‘ਤੇ ਸੰਨਿਆਸ ਲਿਆ, ਖ਼ਾਸ ਤੌਰ ‘ਤੇ ਟੈੱਸਟ ਮੈਚਾਂ ਵਿੱਚ ਉਸ ਨੇ 29 ਮੈਚਾਂ ਵਿੱਚ 38.70 ਦੀ ਔਸਤ ਨਾਲ 1432 ਦੌੜਾਂ ਬਣਾਈਆਂ, ਜਿਸ ਵਿੱਚ ਵੈਸਟ ਇੰਡੀਜ਼ ਅਤੇ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਸੈਂਕੜੇ ਸ਼ਾਮਲ ਹਨ ਅਤੇ ਪਾਕਿਸਤਾਨ ਦੇ ਖ਼ਿਲਾਫ਼ ਡੈਬਿਊ ‘ਤੇ 41 ਦੌੜਾਂ ਦੇ ਕੇ 6 ਵਿਕਟਾਂ ਸਮੇਤ 32.95 ‘ਤੇ ਔਸਤ ਨਾਲ 49 ਵਿਕਟਾਂ ਸ਼ਾਮਲ ਹਨ।
ਜ਼ਿੰਬਾਬਵੇ ਵਿੱਚ ਜਨਮੇ ਕੀਵੀ ਡੀ ਗ੍ਰੈਂਡਹੋਮ ਨੇ ਟੈੱਸਟ ਟੀਮ ਲਈ 18 ਜਿੱਤਾਂ ਦਰਜ ਕੀਤੀਆਂ ਅਤੇ ਬਲੈਕ ਕੈਪਸ ਦੀ ਆਈਸੀਸੀ ਵਰਲਡ ਟੈੱਸਟ ਚੈਂਪੀਅਨਸ਼ਿਪ ਜਿੱਤਣ ਵਾਲੀ ਮੁਹਿੰਮ ਵਿੱਚ ਮੁੱਖ ਭੂਮਿਕਾ ਨਿਭਾਈ।
ਡੀ ਗ੍ਰੈਂਡਹੋਮ ਨੇ 49 ਮੈਚਾਂ ਵਿੱਚ 106.15 ਦੀ ਸਟ੍ਰਾਈਕ-ਰੇਟ ਨਾਲ 742 ਦੌੜਾਂ ਬਣਾਈਆਂ ਅਤੇ 41.00 ਦੀ ਗੇਂਦ ਨਾਲ 30 ਵਿਕਟਾਂ ਲਈਆਂ ਅਤੇ 2019 ਦੇ ਆਈਸੀਸੀ ਕ੍ਰਿਕਟ ਵਰਲਡ ਕੱਪ ਦੇ ਸਿਤਾਰਿਆਂ ਵਿੱਚੋਂ ਇੱਕ ਸੀ ਜਿੱਥੇ ਨਿਊਜ਼ੀਲੈਂਡ ਲਾਰਡਸ ਦੇ ਮੈਦਾਨ ‘ਚ ਮੇਜ਼ਬਾਨ ਇੰਗਲੈਂਡ ਤੋਂ ਹਾਰ ਕੇ ਉਪ ਜੇਤੂ ਰਿਹਾ ਸੀ। ਸ਼ਕਤੀਸ਼ਾਲੀ ਆਲ-ਰਾਊਂਡਰ ਡੀ ਗ੍ਰੈਂਡਹੋਮ ਨੇ 41 ਟੀ-20 ਮੈਚਾਂ ਵਿੱਚ 138.35 ਦੀ ਸਟ੍ਰਾਈਕ-ਰੇਟ ਨਾਲ 505 ਦੌੜਾਂ ਬਣਾਈਆਂ ਅਤੇ 38.41 (8.61 ਦੀ ਇਕਾਨਮੀ ਰੇਟ) ਨਾਲ 12 ਵਿਕਟਾਂ ਲਈਆਂ।