ਕ੍ਰਿਕਟ: ਬਲੈਕ ਕੈਪਸ ਪੰਜ ਮਹੀਨਿਆਂ ਵਿੱਚ ਦੋ ਵਾਰ ਪਾਕਿਸਤਾਨ ‘ਚ ਦੋ ਟੈੱਸਟ, ਅੱਠ ਵਨਡੇ ਅਤੇ ਪੰਜ ਟੀ-20 ਮੈਚ ਖੇਡੇਗੀ

ਆਕਲੈਂਡ, 11 ਅਕਤੂਬਰ – ਪਾਕਿਸਤਾਨ ਕ੍ਰਿਕਟ ਬੋਰਡ ਨੇ ਅੱਜ ਕਿਹਾ ਕਿ ਬਲੈਕ ਕੈਪਸ ਟੀਮ ਦੋ ਟੈੱਸਟ ਮੈਚਾਂ, ਅੱਠ ਵਨਡੇ ਇੰਟਰਨੈਸ਼ਨਲ ਅਤੇ ਪੰਜ ਟੀ-20 ਮੈਚ ਖੇਡਣ ਲਈ ਪੰਜ ਮਹੀਨਿਆਂ ਵਿੱਚ ਦੋ ਵਾਰ ਪਾਕਿਸਤਾਨ ਦਾ ਦੌਰਾ ਕਰੇਗੀ।
ਦੋ ਟੈੱਸਟ ਮੈਚ, ਜੋ ਵਰਲਡ ਟੈੱਸਟ ਚੈਂਪੀਅਨਸ਼ਿਪ ਦਾ ਹਿੱਸਾ ਹੋਣਗੇ, ਜੋ ਕਰਾਚੀ ‘ਚ 27-31 ਦਸੰਬਰ ਅਤੇ ਮੁਲਤਾਨ ‘ਚ 4-8 ਜਨਵਰੀ ਤੱਕ ਖੇਡੇ ਜਾਣਗੇ। ਕਰਾਚੀ ਆਈਸੀਸੀ ਵਰਲਡ ਕੱਪ ਸੁਪਰ ਲੀਗ ਦੇ ਹਿੱਸੇ ਵਜੋਂ 11 ਤੋਂ 15 ਜਨਵਰੀ ਤੱਕ ਤਿੰਨ ਇੱਕ ਰੋਜ਼ਾ ਮੈਚਾਂ ਦੀ ਮੇਜ਼ਬਾਨੀ ਵੀ ਕਰੇਗਾ।
ਨਿਊਜ਼ੀਲੈਂਡ ਅਪ੍ਰੈਲ ‘ਚ ਪਾਕਿਸਤਾਨ ਪਰਤੇਗੀ ਅਤੇ 13 ਤੋਂ 19 ਅਪ੍ਰੈਲ ਤੱਕ ਕਰਾਚੀ ‘ਚ ਚਾਰ ਟੀ-20 ਮੈਚ ਖੇਡੇਗੀ। ਲਾਹੌਰ 23 ਤੋਂ 28 ਅਪ੍ਰੈਲ ਤੱਕ ਪੰਜਵੇਂ ਟੀ-20 ਅਤੇ ਦੋ ਵਨਡੇ ਮੈਚਾਂ ਦੀ ਮੇਜ਼ਬਾਨੀ ਕਰੇਗਾ ਅਤੇ ਬਾਕੀ ਤਿੰਨ ਵਨਡੇ ਮੈਚ ਰਾਵਲਪਿੰਡੀ ‘ਚ 1 ਤੋਂ 7 ਮਈ ਤੱਕ ਖੇਡੇ ਜਾਣਗੇ।
ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਨੇ ਪਿਛਲੇ ਸਾਲ ਰਾਵਲਪਿੰਡੀ ‘ਚ ਪਹਿਲੇ ਵਨਡੇ ਤੋਂ ਕੁੱਝ ਘੰਟੇ ਪਹਿਲਾਂ ਇੱਕ ਅਣਦੱਸੀ ਸੁਰੱਖਿਆ ਚਿੰਤਾ ਕਾਰਣ ਪਾਕਿਸਤਾਨ ਦਾ ਆਪਣਾ ਦੌਰਾ ਰੱਦ ਕਰ ਦਿੱਤਾ ਸੀ। ਪੀਸੀਬੀ ਦੇ ਚੇਅਰਮੈਨ ਰਮੀਜ਼ ਰਾਜਾ ਨੇ ਉਸ ਸਮੇਂ ਕਿਹਾ ਕਿ ਬਲੈਕ ਕੈਪਸ ਨੂੰ ਇਕਪਾਸੜ ਪਹੁੰਚ ਅਪਣਾਉਂਦੇ ਹੋਏ ਅਤੇ ਪਾਕਿਸਤਾਨ ਨਾਲ ਸੁਰੱਖਿਆ ਖ਼ਤਰੇ ਨੂੰ ਸਾਂਝਾ ਨਾ ਕਰਦੇ ਹੋਏ ਦੌਰੇ ਤੋਂ ਬਾਹਰ ਹੁੰਦੇ ਦੇਖਣਾ ਨਿਰਾਸ਼ਾਜਨਕ ਸੀ।
ਸੁਰੱਖਿਆ ਕਾਰਨਾਂ ਕਰਕੇ ਇੰਗਲੈਂਡ ਨੇ ਬਾਅਦ ‘ਚ ਪਾਕਿਸਤਾਨ ਦਾ ਇੱਕ ਛੋਟਾ ਨਿਰਧਾਰਿਤ ਦੌਰਾ ਤਿਆਗ ਦਿੱਤਾ। ਹਾਲਾਂਕਿ ਇੰਗਲੈਂਡ ਨੇ ਪਿਛਲੇ ਮਹੀਨੇ 17 ਸਾਲਾਂ ‘ਚ ਪਹਿਲੀ ਵਾਰ ਪਾਕਿਸਤਾਨ ਦੇ ਦੌਰੇ ‘ਤੇ ਪਹੁੰਚ ਕੇ ਸੱਤ ਮੈਚਾਂ ਦੀ ਟੀ-20 ਸੀਰੀਜ਼ 4-3 ਨਾਲ ਜਿੱਤ ਦਰਜ ਕੀਤੀ ਸੀ। ਇੰਗਲੈਂਡ ਵੀ ਦਸੰਬਰ ‘ਚ ਤਿੰਨ ਟੈੱਸਟ ਮੈਚਾਂ ਲਈ ਪਾਕਿਸਤਾਨ ਦਾ ਦੌਰਾ ਕਰੇਗਾ।
ਨਿਊਜ਼ੀਲੈਂਡ ਕ੍ਰਿਕਟ ਦੇ ਮੁੱਖ ਕਾਰਜਕਾਰੀ ਡੇਵਿਡ ਵ੍ਹਾਈਟ ਨੇ ਇਕ ਬਿਆਨ ‘ਚ ਕਿਹਾ ਕਿ ਨਿਊਜ਼ੀਲੈਂਡ ਅਤੇ ਪਾਕਿਸਤਾਨ ਦਾ ਅੰਤਰਰਾਸ਼ਟਰੀ ਕ੍ਰਿਕਟ ‘ਚ ਸ਼ਾਨਦਾਰ ਇਤਿਹਾਸ ਹੈ ਅਤੇ ਦੋਵਾਂ ਟੀਮਾਂ ਦੇ ਨਾਲ-ਨਾਲ ਦੋਹਾਂ ਬੋਰਡਾਂ ਵਿਚਾਲੇ ਸੱਚਾ ਸਨਮਾਨ ਹੈ। ਆਸਟਰੇਲੀਆ ਅਤੇ ਇੰਗਲੈਂਡ ਦੇ ਹਾਲੀਆ ਦੌਰਿਆਂ ਨੇ ਸਾਨੂੰ ਸਾਰੇ ਫਾਰਮੈਟਾਂ ‘ਚ ਪਾਕਿਸਤਾਨੀ ਟੀਮ ਦੀ ਗੁਣਵੱਤਾ ਅਤੇ ਚੁਣੌਤੀ ਦੀ ਹੱਦ ਨੂੰ ਲੈ ਕੇ ਕੋਈ ਸ਼ੱਕ ਨਹੀਂ ਛੱਡਿਆ ਹੈ।
ਪੀਸੀਬੀ ਦੇ ਡਾਇਰੈਕਟਰ ਇੰਟਰਨੈਸ਼ਨਲ ਕ੍ਰਿਕਟ ਜ਼ਾਕਿਰ ਖਾਨ ਨੇ ਕਿਹਾ ਕਿ ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਮੈਚ ਪਾਕਿਸਤਾਨ ਨੂੰ ਅਗਲੇ ਸਾਲ ਏਸ਼ੀਆ ਕੱਪ ਅਤੇ ਭਾਰਤ ‘ਚ ਹੋਣ ਵਾਲੇ ਵਰਲਡ ਕੱਪ ਦੀ ਤਿਆਰੀ ਵਿੱਚ ਮਦਦ ਕਰੇਗਾ।