ਕ੍ਰਿਕਟ: ਬਲੈਕ ਕੈਪ ਖਿਡਾਰੀ ਗਲੇਨ ਫਿਲਿਪਸ ਦੇ ਛੱਕੇ ਨਾਲ ਜ਼ਖ਼ਮੀ ਹੋਏ ਨੌਜਵਾਨ ਦਰਸ਼ਕ ਨੂੰ ਹਸਪਤਾਲ ਲਿਜਾਇਆ ਗਿਆ

ਕ੍ਰਾਈਸਟਚਰਚ, 9 ਅਕਤੂਬਰ – ਬਲੈਕ ਕੈਪਸ ਦੇ ਬੱਲੇਬਾਜ਼ ਗਲੇਨ ਫਿਲਿਪਸ ਵੱਲੋਂ ਮਾਰਿਆ ਛੱਕਾ ਮੂੰਹ ‘ਤੇ ਲੱਗਣ ਤੋਂ ਬਾਅਦ ਐਤਵਾਰ ਨੂੰ ਇੱਕ ਨੌਜਵਾਨ ਕ੍ਰਿਕਟ ਦਰਸ਼ਕ ਨੂੰ ਕ੍ਰਾਈਸਟਚਰਚ ਹਸਪਤਾਲ ਲਿਜਾਇਆ ਗਿਆ।
ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਟੀ-20 ਤਿਕੋਣੀ ਲੜੀ ‘ਚ ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਇੱਥੇ ਦੇ ਹੇਗਲੇ ਓਵਲ ਮੈਦਾਨ ਵਿੱਚ ਛੱਕੇ ਨਾਲ 8 ਵਿਕਟਾਂ ਦੀ ਜਿੱਤ ਦਰਜ ਕੀਤੀ, ਇਹ ਛੱਕਾ ਬਲੈਕ ਕੈਪਸ ਗਲੇਨ ਫਿਲਿਪਸ ਨੇ ਮਾਰਿਆ ਸੀ ਜੋ ਦਰਸ਼ਕਾਂ ‘ਚ ਘਾਹ ‘ਤੇ ਬੈਠੇ ਪ੍ਰਸੰਸਕ ਦੇ ਲੱਗਾ।
ਗਲੇਨ ਫਿਲਿਪਸ ਦਾ ਜ਼ਬਰਦਸਤ ਸ਼ਾਟ 12 ਸਾਲ ਦੀ ਲੜਕੀ ਨੂੰ ਲੱਗਿਆ, ਜਿਸ ਨੂੰ ਗੇਂਦ ਅੱਖ ਦੇ ਬਿਲਕੁਲ ਉੱਪਰ ਲੱਗੀ। ਨਿਊਜ਼ੀਲੈਂਡ ਕ੍ਰਿਕਟ ਦੇ ਬੁਲਾਰੇ ਨੇ ਕਿਹਾ ਕਿ ਮੈਦਾਨ ‘ਤੇ ਡਾਕਟਰਾਂ ਨੇ ਉਸ ਦਾ ਮੁਲਾਂਕਣ ਕੀਤਾ ਹੈ। ਉਹ ਹੁਣ ਹੋਰ ਜਾਂਚਾਂ ਲਈ ਕ੍ਰਾਈਸਟਚਰਚ ਹਸਪਤਾਲ ਜਾਵੇਗੀ।
ਫਿਲਿਪਸ ਤੁਰੰਤ ਦਰਸ਼ਕ ਲਈ ਚਿੰਤਤ ਹੋਏ ਅਤੇ ਆਖ਼ਰੀ ਗੇਂਦ ਤੋਂ ਬਾਅਦ ਉਸ ਦੀ ਜਾਂਚ ਕਰਨ ਲਈ ਸਿੱਧੇ ਉਸ ਕੋਨੇ ਵੱਲ ਦੌੜ ਗਏ। ਮੈਚ ਤੋਂ ਬਾਅਦ ਉਸ ਨੂੰ ਟੋਪੀ ਦਿੰਦੇ ਹੋਏ ਵੇਖਿਆ ਗਿਆ ਅਤੇ ਐਨਜ਼ੈੱਡਸੀ ਦੇ ਮੁੱਖ ਕਾਰਜਕਾਰੀ ਡੇਵਿਡ ਵ੍ਹਾਈਟ ਵੀ ਪ੍ਰਸ਼ੰਸਕ ਦਾ ਹਾਲ ਪੁੱਛਣ ਲਈ ਪੁੱਜੇ। ਨਿਊਜ਼ੀਲੈਂਡ ਦੇ ਮੁੱਖ ਕੋਚ ਗੈਰੀ ਸਟੀਡ ਨੇ ਸੋਮਵਾਰ ਨੂੰ ਕਿਹਾ ਕਿ ਅਸੀਂ ਗਲੇਨ ਅਤੇ ਹੋਰਾਂ ਦੀ ਦੇਖਭਾਲ ਕਰਨ ਵਾਲੇ ਸੁਭਾਅ ਨੂੰ ਦੇਖਿਆ ਜੋ ਉੱਥੇ ਬਹੁਤ ਜਲਦੀ ਆ ਗਏ ਸਨ। ਤੁਸੀਂ ਕਦੇ ਵੀ ਅਜਿਹਾ ਹੁੰਦਾ ਨਹੀਂ ਦੇਖਣਾ ਚਾਹੁੰਦੇ। ਇਹ ਬਹੁਤ ਮੰਦਭਾਗਾ ਅਤੇ ਬਹੁਤ ਹੀ ਦੁਰਲੱਭ ਹੈ, ਅਸੀਂ ਧੰਨਵਾਦੀ ਹਾਂ ਕਿ ਉਹ ਠੀਕ ਹੈ।
ਫਿਲਿਪਸ ਨੇ ਮੈਚ ਨੂੰ ਸਮਾਪਤ ਕਰਨ ਲਈ ਇੱਕ ਤੋਂ ਬਾਅਦ ਇੱਕ ਛੱਕੇ ਲਗਾਏ ਕਿਉਂਕਿ ਨਿਊਜ਼ੀਲੈਂਡ ਨੇ ਬੰਗਲਾਦੇਸ਼ ਵੱਲੋਂ ਮਿਲੇ ਕੁੱਲ 8 ਵਿਕਟਾਂ ‘ਤੇ 137 ਦੌੜਾਂ ਦਾ ਪਿੱਛਾ ਕਰਦੇ ਹੋਏ 13 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਹਾਸਲ ਕੀਤੀ।
ਬਲੈਕ ਕੈਪਸ ਦੇ ਲੈੱਗ ਸਪਿਨਰ ਈਸ਼ ਸੋਢੀ ਨੇ ਮੈਚ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੇ ਹਮਦਰਦੀ ਨੌਜਵਾਨ ਦਰਸ਼ਕ ਦੇ ਨਾਲ ਹੈ। ਅਸੀਂ ਇਸ ਨੂੰ ਹੁਣ ਕਈ ਵਾਰ ਦੇਖਿਆ ਹੈ। ਇਸ ਦਾ ਪ੍ਰਬੰਧਨ ਕਰਨਾ ਬਹੁਤ ਔਖਾ ਹੈ। ਤੁਹਾਨੂੰ ਕੁੱਝ ਖ਼ਾਸ ਖੇਤਰਾਂ ਵਿੱਚ ਲਗਭਗ ਇੱਕ ਰੁਕਾਵਟ ਹੋਣੀ ਚਾਹੀਦੀ ਹੈ ਜਿੱਥੇ ਬੱਚੇ ਅਤੇ ਲੋਕ ਜੋ ਕਮਜ਼ੋਰ ਹਨ ਬੈਠ ਹੁੰਦੇ ਹਨ ਅਤੇ ਉਹ ਸੁਰੱਖਿਅਤ ਹੋ ਸਕਣ।