ਗਰੌਸਰੀ ਦੇ ਸਮਾਨ ਦੀਆਂ ਕੀਮਤਾਂ ਕਰਕੇ ਪਿਛਲੇ ਸਾਲ ਦੇ ਮੁਕਾਬਲੇ ਭੋਜਨ ਦੀਆਂ ਕੀਮਤਾਂ 6.6% ਵਧੀਆਂ

ਆਕਲੈਂਡ, 13 ਜੁਲਾਈ – ਦੇਸ਼ ‘ਚ ਵੱਧ ਦੀ ਮਹਿੰਗਾਈ ਦੀ ਮਾਰ ਕਾਰਣ ਟਰਾਲੀ ਨੂੰ ਭਰਨ ਦੀ ਲਾਗਤ ਲਗਾਤਾਰ ਵੱਧ ਦੀ ਜਾ ਰਹੀ ਹੈ, ਜਿਸ ਨਾਲ ਪਿਛਲੇ ਸਾਲ ਦੇ ਮੁਕਾਬਲੇ ਭੋਜਨ ਦੀਆਂ ਕੀਮਤਾਂ ਵਿੱਚ 6.6% ਦਾ ਵਾਧਾ ਹੋਇਆ ਹੈ।
ਸਟੇਟਸ ਐਨਜ਼ੈੱਡ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਜੂਨ 2021 ਦੇ ਮੁਕਾਬਲੇ ਪਿਛਲੇ ਮਹੀਨੇ ਕਰਿਆਨੇ (Grocery) ਦੇ ਭੋਜਨ ਦੀਆਂ ਕੀਮਤਾਂ 7.6% ਵੱਧ ਸਨ, ਜਿਸ ਵਿੱਚ ਦੁੱਧ, ਆਲੂ ਦੇ ਚਿਪਸ ਅਤੇ ਦਹੀਂ ਵਿੱਚ ਸਭ ਤੋਂ ਵੱਧ ਵਾਧਾ ਦੇਖਿਆ ਗਿਆ। ਭੋਜਨ ਦੀਆਂ ਕੀਮਤਾਂ ਵਿੱਚ ਸਮੁੱਚੇ ਵਾਧੇ ਵਿੱਚ ਕਰਿਆਨੇ ਦੀ ਸ਼੍ਰੇਣੀ ਦਾ ਸਭ ਤੋਂ ਵੱਡਾ ਯੋਗਦਾਨ ਸੀ, ਇਸ ਤੋਂ ਬਾਅਦ ਰੈਸਟੋਰੈਂਟ ਅਤੇ ਖਾਣ ਦੇ ਲਈ ਤਿਆਰ ਭੋਜਨ ਸਨ ਜਿਸ ਵਿੱਚ 6.3% ਦਾ ਵਾਧਾ ਹੋਇਆ ਹੈ।
ਮੀਟ, ਪੋਲਟਰੀ ਅਤੇ ਮੱਛੀ ਦੀਆਂ ਕੀਮਤਾਂ ਵਿੱਚ 6.8% ਦਾ ਵਾਧਾ ਹੋਇਆ, ਜਦੋਂ ਕਿ ਫਲ ਅਤੇ ਸਬਜ਼ੀਆਂ ਦੀਆਂ ਕੀਮਤਾਂ ਵਿੱਚ 5.6% ਅਤੇ ਗ਼ੈਰ-ਅਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ਦੀਆਂ ਕੀਮਤਾਂ ਵਿੱਚ 4.8% ਦਾ ਵਾਧਾ ਹੋਇਆ ਹੈ। ਮਈ ਦੇ ਮੁਕਾਬਲੇ ਜੂਨ ਵਿੱਚ ਮਾਸਿਕ ਭੋਜਨ ਦੀਆਂ ਕੀਮਤਾਂ 1.2% ਵੱਧ ਸਨ। ਮੌਸਮੀ ਪ੍ਰਭਾਵਾਂ ਦੇ ਸਮਾਯੋਜਨ ਕਰਨ ਤੋਂ ਬਾਅਦ, ਉਹ 0.8% ਵੱਧ ਸਨ। ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਵਿੱਚ 4.9% ਵਾਧਾ ਮਹੀਨਾਵਾਰ ਮੂਵਮੈਂਟ ਵਿੱਚ ਸਭ ਤੋਂ ਵੱਡਾ ਯੋਗਦਾਨ ਸੀ। ਮੌਸਮੀ ਪ੍ਰਭਾਵਾਂ ਦੇ ਅਨੁਕੂਲ ਹੋਣ ਤੋਂ ਬਾਅਦ, ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਵਿੱਚ 0.7% ਦਾ ਵਾਧਾ ਹੋਇਆ, ਜੋ ਇਹ ਦਰਸਾਉਂਦਾ ਹੈ ਕਿ ਫਲਾਂ ਅਤੇ ਸਬਜ਼ੀਆਂ ਵਿੱਚ ਜ਼ਿਆਦਾਤਰ ਉੱਤਰ-ਚੜ੍ਹਾਓ ਮੌਸਮੀ ਪ੍ਰਭਾਵਾਂ ਦੇ ਕਾਰਣ ਹੁੰਦਾ ਹੈ।
ਸਟੇਟਸ ਐਨਜ਼ੈੱਡ ਉਪਭੋਗਤਾ ਕੀਮਤਾਂ ਦੀ ਪ੍ਰਬੰਧਕ ਫਿਓਨਾ ਸਮੀਲੀ ਨੇ ਕਿਹਾ ਕਿ ਸਬਜ਼ੀਆਂ ਜੋ ਇਸ ਵਾਧੇ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਰਹੀਆਂ ਹਨ ਉਹ ਟਮਾਟਰ, ਖੀਰੇ ਅਤੇ ਹਰੀਆਂ ਬੀਨਜ਼ ਹਨ। ਖੀਰੇ ਅਤੇ ਹਰੇ ਬੀਨਜ਼ ਦੋਵੇਂ ਜੂਨ ਦੀਆਂ ਸਭ ਤੋਂ ਉੱਚੀਆਂ ਕੀਮਤਾਂ ‘ਤੇ ਪਹੁੰਚ ਗਏ, ਟਮਾਟਰ ਨੇ ਇਸ ਰੁਝਾਨ ਨੂੰ ਰੋਕਿਆ ਹੈ ਅਤੇ ਜੂਨ 2021 ਦੇ ਮੁਕਾਬਲੇ ਜੂਨ 2022 ਵਿੱਚ 30% ਦੀ ਗਿਰਾਵਟ ਦਰਜ ਕੀਤੀ ਹੈ। ਮਹੀਨਾਵਾਰ ਮੂਵਮੈਂਟ ਦਾ ਦੂਜਾ ਸਭ ਤੋਂ ਵੱਡਾ ਯੋਗਦਾਨ ਰੈਸਟੋਰੈਂਟ ਭੋਜਨ ਅਤੇ ਖਾਣ ਲਈ ਤਿਆਰ ਭੋਜਨ ਸੀ, ਜੋ ਕਿ 0.7% ਵਧਿਆ ਹੈ।