ਗਾਜ਼ਾ ਬੱਚਿਆਂ ਦਾ ਸਭ ਤੋਂ ਵੱਡਾ ‘ਕਬਰਸਤਾਨ ਬਣਿਆ…..!

ਗਾਜ਼ਾ ਪੱਟੀ, 8 ਨਵੰਬਰ – ਫਲਸਤੀਨ ਦੇ ਗਾਜ਼ਾ ਪੱਟੀ ਵਿੱਚ ਹਮਾਸ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਕਾਰਣ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਲਗਭਗ ਇੱਕ ਮਹੀਨੇ ਤੋਂ ਚੱਲੀ ਆ ਰਹੀ ਇਸ ਜੰਗ ਦਾ ਬੱਚਿਆਂ ‘ਤੇ ਕਿੰਨਾ ਅਸਰ ਪਿਆ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਥੇ ਹਰ 10 ਮਿੰਟ ਬਾਅਦ ਇੱਕ ਬੱਚਾ ਮਰ ਰਿਹਾ ਹੈ। ਨਾਲ ਹੀ, ਹਰ 10 ਮਿੰਟ ਵਿੱਚ ਦੋ ਬੱਚੇ ਜ਼ਖਮੀ ਹੋ ਰਹੇ ਹਨ, ਜਿਸ ਦਾ ਮਤਲਬ ਹੈ ਕਿ ਹਰ 10 ਮਿੰਟ ਵਿੱਚ ਤਿੰਨ ਬੱਚੇ ਹਮਲੇ ਦਾ ਸ਼ਿਕਾਰ ਹੋ ਰਹੇ ਹਨ।
ਫਲਸਤੀਨ ਦੇ ਸਿਹਤ ਮੰਤਰਾਲੇ ਨੇ 7 ਅਕਤੂਬਰ ਤੋਂ ਸ਼ੁਰੂ ਹੋਈ ਜੰਗ ਤੋਂ ਲੈ ਕੇ 5 ਨਵੰਬਰ ਤੱਕ ਮਰਨ ਵਾਲਿਆਂ ਦੀ ਗਿਣਤੀ ਦੱਸੀ ਹੈ। ਮੰਤਰਾਲੇ ਨੇ ਕਿਹਾ ਹੈ ਕਿ ਇਜ਼ਰਾਈਲੀ ਹਵਾਈ ਹਮਲਿਆਂ ‘ਚ 9,770 ਫਲਸਤੀਨੀ ਮਾਰੇ ਗਏ ਹਨ। ਇਨ੍ਹਾਂ ਵਿੱਚੋਂ 4,100 ਯਾਨੀ ਲਗਭਗ ਅੱਧੇ ਬੱਚੇ ਹਨ। ਗਾਜ਼ਾ ਵਿੱਚ 8,067 ਨਿਰਦੋਸ਼ ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ 1,250 ਬੱਚੇ ਲਾਪਤਾ ਹਨ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਜ਼ਰਾਈਲੀ ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚ 70% ਬੱਚੇ, ਔਰਤਾਂ ਅਤੇ ਬਜ਼ੁਰਗ ਸਨ। ਗੌਰਤਲਬ ਹੈ ਕਿ 2000 ਤੋਂ ਲੈ ਕੇ ਹੁਣ ਤੱਕ ਦੁਨੀਆ ਵਿੱਚ ਹੋਈਆਂ ਸਾਰੀਆਂ ਜੰਗਾਂ ਵਿੱਚੋਂ, ਕੋਈ ਵੀ ਬੱਚਿਆਂ ਲਈ ਇੰਨਾ ਭਿਆਨਕ ਸਾਬਤ ਨਹੀਂ ਹੋਇਆ ਜਿੰਨਾ ਗਾਜ਼ਾ ਵਿੱਚ ਹੋ ਰਿਹਾ ਹੈ। ਇਰਾਕ ਵਿੱਚ 14 ਸਾਲਾਂ ਵਿੱਚ ਮਰਨ ਉੱਨੇ ਬੱਚੇ ਨਹੀਂ ਮਰੇ, ਉੱਨੇ ਗਾਜ਼ਾ ਵਿੱਚ ਇੱਕ ਮਹੀਨੇ ਵਿੱਚ ਮਾਰੇ ਗਏੇ ਹਨ।