ਗਿਆਨੀ ਦਿੱਤ ਸਿੰਘ ਦੇ ਪਾਏ ਪੂਰਨਿਆਂ ‘ਤੇ ਚੱਲੇਗੀ ‘ਗਿਆਨੀ ਦਿੱਤ ਸਿੰਘ ਵੈਲਫੇਅਰ ਸੁਸਾਇਟੀ’

ਚੰਡੀਗੜ੍ਹ (ਸ. ਅਮਨਦੀਪ ਸਿੰਘ, ਪ੍ਰਧਾਨ) – 29 ਜੁਲਾਈ ਨੂੰ ਸਿੱਖ ਕੌਮ ਦੇ ਮਹਾਨ ਵਿਦਵਾਨ, ਸਿੰਘ ਸਭਾ ਸੁਧਾਰ ਲਹਿਰ ਦੇ ਬਾਨੀ ਅਤੇ ਸ਼੍ਰੋਮਣੀ ਸੰਪਾਦਕ ਗਿਆਨੀ ਦਿੱਤ ਸਿੰਘ ਜੀ ਦੀ ਸਮਾਜ ਪੱਖੀ ਸੋਚ ਨੂੰ ਅੱਗੇ ਤੋਰਨ ਲਈ ਉਨ੍ਹਾਂ ਦੇ ਜੱਦੀ ਹਲਕੇ ਬੱਸੀ ਪਠਾਣਾਂ ਵਿੱਚ ‘ਗਿਆਨੀ ਦਿੱਤ ਸਿੰਘ ਵੈਲਫੇਅਰ ਸੁਸਾਇਟੀ (ਰਜਿ), ਬੱਸੀ ਪਠਾਣਾਂ’ ਦਾ ਗਠਨ ਕੀਤਾ ਗਿਆ ਜਿਸ ਦੀ ਪਲੇਠੀ ਮੀਟਿੰਗ ਇਥੇ ਸੁਸਾਇਟੀ ਦੇ ਪ੍ਰਧਾਨ ਸ. ਅਮਨਦੀਪ ਸਿੰਘ ਅਮਨ ਗਾਂਧੀ ਦੀ ਪ੍ਰਧਾਨਗੀ ਹੇਠ ਹੋਈ। ਜ਼ਿਕਰਯੋਗ ਹੈ ਕਿ ਸ. ਅਮਨਦੀਪ ਸਿੰਘ ਗਿਆਨੀ ਦਿੱਤ ਸਿੰਘ ਜੀ ਚੌਥੀ ਪੀੜ੍ਹੀ ਵਿੱਚੋਂ ਹਨ।
ਮੀਟਿੰਗ ਪਿੱਛੋਂ ਗੱਲਬਾਤ ਦੌਰਾਨ ਸ. ਅਮਨ ਗਾਂਧੀ ਨੇ ਕਿਹਾ ਕਿ ਇਸ ਨਿਰੋਲ ਸਮਾਜਿਕ ਜਥੇਬੰਦੀ ਵਲੋਂ ਸਮਾਜ ਭਲਾਈ ਦੇ ਕੰਮਾਂ ‘ਚ ਵੱਧ-ਚੜ੍ਹ ਕੇ ਯੋਗਦਾ……. ਪਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੀਟਿੰਗ ‘ਚ ਫੈਸਲਾ ਕੀਤਾ ਗਿਆ ਕਿ ਸੁਸਾਇਟੀ ਛੇਤੀ ਹੀ ਬੱਸੀ ਪਠਾਣਾਂ ਵਿਖੇ ਖ਼ੂਨ ਦਾਨ ਕੈਂਪ ਲਾਵੇਗੀ। ਇਸ ਤੋਂ ਇਲਾਵਾ ਸੁਸਾਇਟੀ ਇਲਾਕੇ ‘ਚ ਖੇਡਾਂ ਨੂੰ ਉਤਸ਼ਾਹਿਤ ਕਰਨ, ਨਸ਼ਿਆਂ ਅਤੇ ਭਰੂਣ ਹੱਤਿਆ ਨੂੰ ਠੱਲ੍ਹ ਪਾਉਣ, ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਨ ਅਤੇ ਪੈਨਸ਼ਨਾਂ ਲਵਾਉਣ ‘ਚ ਬਜ਼ੁਰਗਾਂ, ਵਿਧਵਾਵਾਂ ਅਤੇ ਬੇਸਹਾਰਾ ਬੱਚਿਆਂ ਦੀ ਵੱਧ ਤੋਂ ਵੱਧ ਮਦਦ ਕਰੇਗੀ। ਉਨ੍ਹਾਂ ਦੱਸਿਆ ਕਿ ਗਿਆਨੀ ਦਿੱਤ ਸਿੰਘ ਜੀ ਜੋ ਕਿ ਪੰਥ ਦੇ ਸ਼੍ਰੋਮਣੀ ਵਿਦਵਾਨ ਸਨ, ਦੀਆਂ ਸਿੱਖਿਆਵਾਂ ਦਾ ਪਸਾਰ ਅਤੇ ਪ੍ਰਚਾਰ ਕਰਨ ਲਈ ਸੁਸਾਇਟੀ ਵੱਲੋਂ ਆਉਂਦੇ ਸਮੇਂ ਵਿੱਚ ਇਲਾਕੇ ਵਿੱਚ ਵਿਦਿਅਕ ਲਹਿਰ ਚਲਾਈ ਜਾਵੇਗੀ ਜਿਸ ਅਧੀਨ ਗਰੀਬ, ਲੋੜਵੰਦ ਅਤੇ ਹੋਣਹਾਰ ਬੱਚਿਆਂ ਨੂੰ ਉਚੇਰੀ ਵਿਦਿਆ ਹਾਸਲ ਕਰਨ ਵਿੱਚ ਉਨ੍ਹਾਂ ਦੀ ਹਰ ਪੱਖੋਂ ਮਦਦ ਕੀਤੀ ਜਾਵੇਗੀ। ਸ. ਗਾਂਧੀ ਨੇ ਦੱਸਿਆ ਕਿ ਇਸ ਸਮਾਜਿਕ ਲਹਿਰ ਵਿੱਚ ਇਲਾਕੇ ਦੀਆਂ ਸਮੂਹ ਸਮਾਜਿਕ ਤੇ ਰਾਜਨੀਤਿਕ ਧਿਰਾਂ ਨੂੰ ਨਾਲ ਲੈ ਕੇ ਇਲਾਕੇ ਦੇ ਸਰਬਪੱਖੀ ਵਿਕਾਸ ਲਈ ਹੰਭਲੇ ਮਾਰੇ ਜਾਣਗੇ। ਉਨ੍ਹਾਂ ਦੱਸਿਆ ਕਿ ਗਿਆਨੀ ਦਿੱਤ ਸਿੰਘ ਜੀ ਦਾ ਫਲਸਫਾ ਸਾਕਾਰ ਕਰਨ ਲਈ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ।
ਇਸ ਮੌਕੇ ਗਿਆਨੀ ਦਿੱਤ ਸਿੰਘ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ ਜਿਸ ਵਿੱਚ ਸੀਨੀਅਰ ਮੀਤ ਪ੍ਰਧਾਨ ਸ. ਗੁਰਭਿੰਦਰ ਸਿੰਘ, ਮੀਤ ਪ੍ਰਧਾਨ ਸ. ਬਲਵਿੰਦਰ ਸਿੰਘ, ਜਨਰਲ ਸਕੱਤਰ ਸ. ਗੁਰਪਾਲ ਸਿੰਘ, ਖਜਾਨਚੀ ਸ. ਗੁਰਮਨਪ੍ਰੀਤ ਸਿੰਘ, ਉਪ ਖਜ਼ਾਨਚੀ ਸ. ਜਸਪਾਲ ਸਿੰਘ, ਪ੍ਰੈਸ ਸਕੱਤਰ ਐਡਵੋਕੇਟ ਗੁਰਮੀਤ ਸਿੰਘ ਸੋਨੀ ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ ਮੈਂਬਰਾਂ ਵੱਜੋਂ ਸ. ਬਹਾਦਰ ਸਿੰਘ ਅਰਸ਼ੀ, ਸਾਬਕਾ ਜ਼ਿਲ੍ਹਾ ਅਟਾਰਨੀ ਅਜਮੇਰ ਸਿੰਘ ਪ੍ਰੀਤ, ਸ. ਹਰਦੀਪ ਸਿੰਘ, ਸ. ਹਰਜੀਤ ਸਿੰਘ ਜੀਤੀ, ਸ੍ਰੀ ਤਰੁਣ ਸੇਠੀ, ਸ. ਕਮਲਜੀਤ ਸਿੰਘ, ਸ. ਹਰਪ੍ਰੀਤ ਸਿੰਘ ਰਿੰਪੀ, ਸ. ਕਰਮਜੀਤ ਸਿੰਘ ਬਾਟੀ, ਸ. ਦਵਿੰਦਰ ਸਿੰਘ ਵਿੰਦਰ ਦੀ ਚੋਣ ਕੀਤੀ ਗਈ।