ਸਪੇਨ ‘ਚ ਭਿਆਨਕ ਰੇਲ ਹਾਦਸਾ

ਮੈਡ੍ਰਿਡ – 25 ਜੁਲਾਈ ਨੂੰ ਸਪੇਨ ਦੇ ਸੇਂਟਿਯਾਗੋ ਦੇ ਕੋਮਪਸਤਾਇਲਾ ਸ਼ਹਿਰ ਦੇ ਨਜ਼ਦੀਕ ਵਾਪਰੇ ਇਕ ਭਿਆਨਕ ਰੇਲ ਹਾਦਸੇ ਦੌਰਾਨ 80 ਯਾਤਰੀ ਮਾਰੇ ਗਏ 140 ਤੋਂ ਵੱਧ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਹ ਟ੍ਰੇਨ ਰਾਜਧਾਨੀ ਮੈਡ੍ਰਿਡ ਅਤੇ ਫੇਰੋ ਦੇ ਦਰਮਿਆਨ ਚਲਦੀ ਹੈ। ਇਹ ਟ੍ਰੇਨ ਗੋਲੀ ਦੀ ਰਫ਼ਤਾਰ ਨਾਲ ਚਲਦੀ ਹੈ ਜਿਸ ਦੇ 4 ਡੱਬੇ ਬੁਰੀ ਤਰ੍ਹਾਂ ਤਬਾਹ ਹੋ ਗਏ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਾਦਸੇ ਦੌਰਾਨ ਜ਼ਬਰਦਸਤ ਧਮਾਕਾ ਹੋਇਆ ਤੇ ਰੇਲ ਗੱਡੀ ਪਟੜੀ ਤੋਂ ਹੇਠਾਂ ਲਹਿ ਗਈ। ਤੇਹ ਰਫ਼ਤਾਰ ਨਾਲ ਚਲਦੀ ਟ੍ਰੇਨ ਦੇ ਡਿੱਬੇ ਪਟੜੀ ਤੋਂ ਉਤਰਣ ਤੋਂ ਬਾਅਦ ਕਈ ਮੀਟਰ ਤੱਕ ਘਿਸੜਦੇ…….. ਗਏ। ਸਪੇਨ ਤੋਂ ਮਿਲੀਆਂ ਮੀਡੀਆ ਖ਼ਬਰਾਂ ਮੁਤਾਬਕ ਟ੍ਰੇਨ ਵਿੱਚ ਲਗਭਗ 250 ਲੋਕ ਸਵਾਰ ਸਨ। ਮਰਨ ਵਾਲਿਆਂ ਤੇ ਜ਼ਖ਼ਮੀਆਂ ਦੀ ਗਿਣਤੀ ਵਿੱਚ ਵਾਧਾ ਵੀ ਸਕਦੀ ਹੈ।

ਚਸ਼ਮਦੀਦਾਂ ਦਾ ਕਹਿਣਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਚਾਰ ਡੱਬੇ ਬੁਰੀ ਤਰ੍ਹਾਂ ਤਬਾਹ ਹੋ ਗਏ। ਇਹ ਡੱਬੇ ਜ਼ੋਰਦਾਰ ਟੱਕਰ ਨਾਲ ਇਕ ਦੂਜੇ ਵਿੱਚ ਫਸ ਗਏ। ਕਈ ਯਾਤਰੀ ਬੁਰੀ ਤਰ੍ਹਾਂ ਪਿਸ ਗਏ। ਸਥਾਨਕ ਲੋਕਾਂ ਨੇ ਜ਼ਖ਼ਮੀਆਂ ਨੂੰ ਕੱਢਣ ਲਈ ਕਾਫੀ ਮਸ਼ੱਕਤ ਕੀਤੀ। ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਰੇਲ ਗੱਡੀ ਤੇਜ਼ ਰਫ਼ਤਾਰ ਹੋਣ ਕਰਕੇ ਪਟੜੀ ਤੋਂ ਹੇਠਾਂ ਲਹਿ ਗਈ, ਪਰ ਰੇਲ ਮਹਿਕਮੇ ਦਾ ਕਹਿਣਾ ਹੈ ਕਿ ਹਾਦਸੇ ਦੇ ਕਾਰਨਾਂ ਬਾਰੇ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।

ਰੇਲ ਮਹਿਕਮੇ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰੇਲ ਮਹਿਕਮੇ ਦੇ ਬੁਲਾਰੇ ਨੇ ਕਿਹਾ ਕਿ ਬਲੈਕ ਬਾਕਸ ਤੋਂ ਰੇਲ ਦੀ ਰਫ਼ਤਾਰ ਦਾ ਪਤਾ ਲੱਗ ਜਾਵੇਗਾ। ਮੀਡੀਆ ਰਿਪੋਰਟਾਂ ਅਨੁਸਾਰ ਹਾਦਸੇ ਵੇਲੇ ਰੇਲ ਗੱਡੀ ਦੀ ਰਫ਼ਤਾਰ 220 ਕਿਲੋਮੀਟਰ ਪ੍ਰਤੀ ਘੰਟਾ ਸੀ ਜਦੋਂ ਕਿ ਸ਼ਹਿਰੀ ਖੇਤਰ ਵਿੱਚ ਰਫ਼ਤਾਰ ਦੀ ਸੀਮਾ 80 ਕਿਲੋਮੀਟਰ ਪ੍ਰਤੀ ਘੰਟਾ ਤੈਅ ਹੈ। ਇਕ ਅਖ਼ਬਾਰ ਨੇ ਕਿਹਾ ਹੈ ਕਿ ਹਾਦਸੇ ਵੇਲੇ ਰੇਲ ਗੱਡੀ ਦੀ ਰਫ਼ਤਾਰ 180 ਕਿਲੋਮੀਟਰ ਪ੍ਰਤੀ ਘੰਟਾ ਸੀ। ਇਹ ਹਾਦਸਾ ਰੇਲਵੇ ਸਟੇਸ਼ਨ ਤੋਂ ਕੁਝ ਕਿਲੋਮੀਟਰ ਦੀ ਦੂਰੀ ‘ਤੇ ਹੀ ਹੋਇਆ। ਸਪੇਨ ਦੇ ਰੇਲ ਨੈੱਟਵਰਕ ਦੇ ਇਤਿਹਾਸ ਵਿੱਚ ਇਹ ਬੇਹੱਦ ਭਿਆਨਕ ਹਾਦਸਾ ਹੈ। ਇਸ ਤੋਂ ਪਹਿਲਾਂ 1944 ਵਿੱਚ ਹੋਏ ਰੇਲ ਹਾਦਸੇ ਦੌਰਾਨ ਸੈਂਕੜੇ ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ 1972 ਵਿੱਚ ਵਾਪਰੇ ਹਾਦਸੇ ਵਿੱਚ 77 ਵਿਅਕਤੀ ਮਾਰੇ ਗਏ ਸਨ।