ਗੁਜਰਾਤ ‘ਚ ਦੋ ਹੈਲੀਕਾਪਟਰ ਆਪਸ ‘ਚ ਟਕਰਾਏ, 8 ਮੌਤਾਂ

ਅਭਿਆਸ ਦੌਰਾਨ ਵਾਪਰਿਆ ਹਾਦਸਾ
ਅਹਿਮਦਾਬਾਦ, 30 ਅਗਸਤ (ਏਜੰਸੀ) – ਗੁਜਰਾਤ ਵਿਚ ਅੱਜ ਭਾਰਤੀ ਹਵਾਈ ਸੈਨਾ ਦੇ ਦੋ ਹੈਲੀਕਾਪਟਰ ਆਪਸ ਵਿੱਚ ਟਕਰਾਉਣ ਨਾਲ ਹਾਦਸੇ ਦਾ ਸ਼ਿਕਾਰ ਹੋ ਗਏ। ਇਹ ਹਾਦਸਾ ਜਾਮਨਗਰ ਜ਼ਿਲ੍ਹੇ ਦੇ ਸਰਮਾਤ ਪਿੰਡ ਦੇ ਕੋਲ ਵਾਪਰਿਆ, ਜਿਸ ਵਿੱਚ 8 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਵਾਈ ਸੈਨਾ ਵਲੋਂ ਕੀਤੇ ਜਾ ਰਹੇ ਅਭਿਆਸ ਦੌਰਾਨ ਇਹ ਹਾਦਸਾ ਹੋਇਆ।
ਪ੍ਰਾਪਤ ਰਿਪੋਰਟਾਂ ਅਨੁਸਾਰ ਇਨ੍ਹਾਂ ਹੈਲੀਕਾਪਟਰਾਂ ਨੇ ਉਡਾਣ ਭਰੀ ਹੀ ਸੀ ਕਿ ਇਨ੍ਹਾਂ ਦੀ ਆਹਮੋ-ਸਾਹਮਣੇ ਤੋਂ ਟੱਕਰ ਹੋ ਗਈ, ਜਿਸ ਵਿੱਚ ਅੱਠ ਰੱਖਿਆ ਕਰਮੀ ਮਾਰੇ ਗਏ, ਜਦੋਂ ਕਿ ਦੋ ਹੋਰ ਜ਼ਖ਼ਮੀ ਹੋ ਗਏ।
ਹਵਾਈ ਫੌਜ ਦੇ ਇਹ ਦੋਵੇਂ ਐਮ.ਆਈ-17 ਹੈਲੀਕਾਪਟਰ ਅਭਿਆਸ ਉਡਾਣ ‘ਤੇ ਸਨ। ਇਹ ਉਡਾਣ ਅਭਿਆਸ ਜਾਮਨਗਰ ਦੇ ਨੇੜੇ ਚੱਲ ਰਹੀ ਸੀ, ਜਿਥੇ ਇਹ ਹਾਦਸਾ ਵਾਪਰ ਗਿਆ। ਇਸ ਦੌਰਾਨ ਹਵਾਈ ਫੌਜ ਨੇ ਹਾਦਸੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ।