ਗੁਜਰਾਤ ਦੇ ਪੰਜਾਬੀ ਕਿਸਾਨਾਂ ਦਾ ਉਚ ਪੱਧਰੀ ਵਫ਼ਦ ਬਾਦਲ ਨੂੰ ਮਿਲਿਆ

ਕਿਸਾਨਾਂ ਵਲੋਂ ਉਨ੍ਹਾਂ ਦੇ ਮੁੱਦੇ ਗੁਜਰਾਤ ਸਰਕਾਰ ਕੋਲ ਉਠਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ
ਚੰਡੀਗੜ੍ਹ, 24 ਸਤੰਬਰ – ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਗੁਜਰਾਤ ਵਿੱਚ ਰਹਿ ਰਹੇ ਪੰਜਾਬੀ ਕਿਸਾਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਭਾਰਤ ਸਰਕਾਰ ਦੇ ਰੇਲਵੇ ਮੰਤਰਾਲੇ ਕੋਲ ਜੰਮੂ ਤਵੀ-ਅਹਿਮਦਾਬਾਦ ਐਕਸਪ੍ਰੈਸ ਰੇਲ ਗੱਡੀ ਦਾ ਰੂਟ ਗੁਜਰਾਤ ਦੇ ਕੱਛ ਇਲਾਕੇ ਤੱਕ ਵਧਾਉਣ ਦਾ ਮੁੱਦਾ ਉਠਾਉਣਗੇ ਤਾਂ ਜੋ ਉਹ ਬਿਨਾਂ ਕਿਸੇ ਦਿੱਕਤ ਤੋਂ ਪੰਜਾਬ ਆ ਜਾ ਸਕਣ।
ਗੁਜਰਾਤ ਦੇ ਕੱਛ ਖੇਤਰ ਦਾ ਉਚ ਪੱਧਰੀ 50 ਮੈਂਬਰੀ ਵਫ਼ਦ ਆਪਣੇ ਪ੍ਰਧਾਨ ਸ੍ਰੀ ਜੁਗਰਾਜ ਸਿੰਘ ਦੀ ਅਗਵਾਈ ਵਿੱਚ ਮੁੱਖ ਮੰਤਰੀ ਦਾ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਨਰਿੰਦਰ ਮੋਦੀ ਕੋਲ ਉਨ੍ਹਾਂ ਨੂੰ ਉਜਾੜਨ ਦਾ ਮਾਮਲਾ ਹਾਲ ਹੀ ਵਿੱਚ ਉਠਾਉਣ ਲਈ ਧੰਨਵਾਦ ਕਰਨ ਲਈ ਇੱਥੇ ਮਿਲਣ ਆਇਆ ਸੀ। ਸ਼੍ਰੀ ਮੋਦੀ ਨੇ ਸ. ਬਾਦਲ ਵਲੋਂ ਉਠਾਏ ਗਏ ਗੁਜਰਾਤ ਦੇ ਪੰਜਾਬੀ ਕਿਸਾਨਾਂ ਦੇ ਮੁੱਦੇ ਤੋਂ ਬਾਅਦ ਕਿਹਾ ਸੀ ਕਿ ਰਾਜ ਸਰਕਾਰ ਇਨ੍ਹਾਂ ਕਿਸਾਨਾਂ ਦੀ ਸੁਰੱਖਿਆ ਕਰਨ ਲਈ ਪੂਰੀ ਤਰ੍ਹਾਂ ਪਾਬੰਦ ਹੈ। ਮੁੱਖ ਮੰਤਰੀ ਨੇ ਵਫ਼ਦ ਨੂੰ ਇਹ ਭਰੋਸਾ ਵੀ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਗੁਜਰਾਤ ਵਿੱਚ ਵਸਦੇ ਪੰਜਾਬੀ ਕਿਸਾਨਾਂ ਦੀ ਭਲਾਈ…… ਲਈ ਅੱਗੇ ਤੋਂ ਵੀ ਹਰ ਮੁੱਦੇ ਨੂੰ ਉਠਾਉਣ ਲਈ ਤਿਆਰ ਹਨ ਕਿਉਂਕਿ ਇਨ੍ਹਾਂ ਕਿਸਾਨਾਂ ਨੇ ਗੁਜਰਾਤ ਦੇ ਸਮੁੱਚੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ ਅਤੇ ਕੱਛ ਦੀ ਬੰਜਰ ਧਰਤੀ ਨੂੰ ਹਰਿਆ-ਭਰਿਆ ਖੇਤਾਂ ਵਿੱਚ ਬਦਲਿਆ ਹੈ।
ਵਫ਼ਦ ਵਲੋਂ ਜ਼ਮੀਨੀ ਰਿਕਾਰਡ ਜਾਮ ਕਰਨ ਦੀਆਂ ਸ਼ਰਤਾਂ ਨੂੰ ਹਟਾਉਣ ਨਾਲ ਸਬੰਧਤ ਉਠਾਏ ਗਏ ਇਕ ਹੋਰ ਮੁੱਦੇ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਇਹ ਮੁੱਦਾ ਸ਼੍ਰੀ ਮੋਦੀ ਕੋਲ ਉਠਾਇਆ ਹੈ ਜਿਨ੍ਹਾਂ ਨੇ  ਪੰਜਾਬੀ ਕਿਸਾਨਾਂ ਦੀ ਤਸੱਲੀ ਅਨੁਸਾਰ ਹੀ ਇਸ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ ਹੈ। ਗੌਰਤਲਬ ਹੈ ਕਿ ੭੮੪ ਕਿਸਾਨਾਂ ਦਾ ਜ਼ਮੀਨੀ ਰਿਕਾਰਡ ਇਸ ਕਰਕੇ ਜਾਮ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਦੀ ਸੁਪਰੀਮ ਕੋਰਟ ਵਿੱਚ ਅਪੀਲ ਲੰਬਿਤ ਪਈ ਹੋਈ ਹੈ। ਇਨ੍ਹਾਂ ਵਿਚੋਂ 153 ਕਿਸਾਨ ਪੰਜਾਬ ਨਾਲ ਸਬੰਧਤ ਹਨ। ਸ. ਬਾਦਲ ਨੇ ਉਨ੍ਹਾਂ ਦਾ ਜ਼ਮੀਨੀ ਰਿਕਾਰਡ ਜਾਮ ਕਰਨ ਦੇ ਮਾਮਲੇ ‘ਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ‘ਤੇ ਹਮਦਰਦੀ ਪ੍ਰਗਟ ਕੀਤੀ ਜੋ ਕਿ ਸਹਿਕਾਰੀ ਕਰਜ਼ੇ, ਪਾਣੀ ਦਾ ਕੁਨੈਕਸ਼ਨ ਅਤੇ ਬੈਂਕ ਕਰਜ਼ੇ ਪ੍ਰਾਪਤ ਕਰਨ ਦੇ ਰਾਹ ਵਿੱਚ ਵੱਡਾ ਅੜਿੱਕਾ ਹੈ।
ਵਫ਼ਦ ਨੇ ਮੁੱਖ ਮੰਤਰੀ ਨੂੰ ਕੱਛ ਜ਼ਿਲ੍ਹੇ ਦੇ ਕੋਟ ਲਖਪਤ ਵਿਖੇ ਸਿੱਖ ਧਾਰਮਿਕ ਸਥਾਨ ਗੁਰਦੁਆਰਾ ਸ੍ਰੀ ਨਾਨਕ ਦਰਬਾਰ ਦਾ ਦੌਰਾ ਕਰਨ ਦਾ ਸੱਦਾ ਦਿੱਤਾ। ਇਹ ਇਤਿਹਾਸਕ ਸਥਾਨ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੈ। ਗੁਰੂ ਨਾਨਕ ਦੇਵ ਜੀ ਇੱਥੇ ਆਪਣੀ ਉਦਾਸੀ ਦੌਰਾਨ ਮੱਕਾ (ਸਾਊਦੀ ਅਰਬ) ਨੂੰ ਜਾਂਦੇ ਅਤੇ ਆਉਂਦੇ ਰੁਕੇ ਸਨ। ਵਫ਼ਦ ਨੇ ਸ. ਬਾਦਲ ਨੂੰ ਦੱਸਿਆ ਕਿ ਇਸ ਸਥਾਨ ਉਤੇ ਹਰੇਕ ਸਾਲ 25 ਦਸੰਬਰ ਨੂੰ ਧਾਰਮਿਕ ਸਮਾਗਮ ਕਰਾਇਆ ਜਾਂਦਾ ਹੈ। ਉਨ੍ਹਾਂ ਨੇ ਸ. ਬਾਦਲ ਨੂੰ ਇਸ ਵਿੱਚ ਹਿੱਸਾ ਲੈਣ ਦੀ ਬੇਨਤੀ ਕੀਤੀ। ਇਹ ਸਮਾਗਮ ਸਥਾਨਕ ਸਿੱਖਾਂ ਅਤੇ ਦੇਸ਼ ਤੇ ਵਿਦੇਸ਼ ਤੋਂ ਬਹੁਤ ਸਾਰੇ ਸ਼ਰਧਾਲੂਆਂ ਵਲੋਂ ਮਨਾਇਆ ਜਾਂਦਾ ਹੈ। ਵਫ਼ਦ ਨੇ ਦੱਸਿਆ ਕਿ ਇਸ ਪਵਿੱਤਰ ਸਥਾਨ ਨੂੰ ਯੂਨੈਸਕੋ ਵਲੋਂ ਵੀ ਮਾਨਤਾ ਦਿੱਤੀ ਹੋਈ ਹੈ ਅਤੇ ਉਨ੍ਹਾਂ ਕਿਹਾ ਕਿ ਇਸ ਦੀ ਇਤਿਹਾਸਕ ਮਹੱਤਤਾ ਦੇ ਮੱਦੇਨਜ਼ਰ ਇਸ ਦੀ ਸਦੀਆਂ ਪੁਰਾਣੀ ਵਿਰਾਸਤ ਅਤੇ ਧਾਰਮਿਕ ਮਰਿਆਦਾ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ। ਇਸ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਵਫ਼ਦ ਨੂੰ ਦੱਸਿਆ ਕਿ ਬਹੁਤ ਛੇਤੀ ਹੀ ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਇਸ ਸਬੰਧੀ ਲੋੜੀਂਦੇ ਕਦਮ ਚੁੱਕਣ ਲਈ ਉਠਾਉਣਗੇ।
ਮੁੱਖ ਮੰਤਰੀ ਨੇ ਵਫ਼ਦ ਨੂੰ ਇਹ ਭਰੋਸਾ ਵੀ ਦਿਵਾਇਆ ਕਿ ਉਹ ਛੇਤੀ ਹੀ ਐਸ.ਜੀ.ਪੀ.ਸੀ. ਨੂੰ ਕੱਛ ਖੇਤਰ ਵਿੱਚ ਇੱਕ ਸਕੂਲ ਖੋਲ੍ਹਣ ਦੀ ਅਪੀਲ ਕਰਨਗੇ ਤਾਂ ਜੋ ਪੰਜਾਬੀ ਕਿਸਾਨਾਂ ਦੇ ਬੱਚੇ ਆਪਣੀ ਮਾਂ-ਬੋਲੀ ਪੰਜਾਬੀ ਸਿੱਖ ਸਕਣ। ਵਫ਼ਦ ਨੇ ਸ. ਬਾਦਲ ਵਲੋਂ ਦਿਖਾਈ ਗਈ ਫਰਾਖ਼ਦਿਲੀ ਦੀ ਪ੍ਰਸੰਸਾ ਕੀਤੀ ਅਤੇ ਵਾਅਦਾ ਕੀਤਾ ਕਿ ਉਹ ਕਿਸੇ ਅਹਿਮ ਥਾਂ ਉਤੇ ਸਕੂਲ ਲਈ ਢੁਕਵੀਂ ਜ਼ਮੀਨ ਦਾਨ ਕਰਨਗੇ ਤਾਂ ਜੋ ਉਸ ਇਲਾਕੇ ਵਿੱਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ। ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਪ੍ਰਮੁੱਖ ਸਕੱਤਰ ਸ਼੍ਰੀ ਐਸ.ਕੇ. ਸੰਧੂ ਅਤੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਗਗਨਦੀਪ ਸਿੰਘ ਬਰਾੜ ਸ਼ਾਮਲ ਸਨ। ਵਫ਼ਦ ਵਿੱਚ ਸ਼੍ਰੀ ਜੁਗਰਾਜ ਸਿੰਘ, ਸ਼੍ਰੀ ਉਧਮ ਸਿੰਘ, ਸ਼੍ਰੀ ਰਣਜੀਤ ਸਿੰਘ, ਸ਼੍ਰੀ ਕੇਵਲ ਸਿੰਘ ਅਤੇ ਸ਼੍ਰੀ ਧਰਮ ਸਿੰਘ ਵੀ ਸ਼ਾਮਲ ਸਨ।