ਗੁਜਰਾਤ: ਵਿਧਾਨ ਸਭਾ ਚੋਣਾਂ 1 ਤੇ 5 ਦਸੰਬਰ ਨੂੰ ਦੋ ਗੇੇੜਾਂ ’ਚ ਹੋਣਗੀਆਂ, ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹਿਮਾਚਲ ਪ੍ਰਦੇਸ਼ ਨਾਲ ਹੀ ਹੋਵੇਗੀ

ਨਵੀਂ ਦਿੱਲੀ, 3 ਨਵੰਬਰ – ਗੁਜਰਾਤ ਵਿੱਚ ਅਸੈਂਬਲੀ ਚੋਣਾਂ ਦੋ ਗੇੜਾਂ ਤਹਿਤ 1 ਤੇ 5 ਦਸੰਬਰ ਨੂੰ ਹੋਣਗੀਆਂ ਜਦੋਂ ਕਿ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹਿਮਾਚਲ ਪ੍ਰਦੇਸ਼ ਅਸੈਂਬਲੀ ਦੀਆਂ ਵੋਟਾਂ ਨਾਲ ਹੀ ਹੋਵੇਗੀ।
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਅੱਜ ਗੁਜਰਾਤ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰਦਿਆਂ ਕਿਹਾ ਕਿ 182 ਮੈਂਬਰੀ ਅਸੈਂਬਲੀ ਵਿੱਚ 89 ਸੀਟਾਂ ਲਈ ਪੋਲਿੰਗ ਪਹਿਲੀ ਦਸੰਬਰ ਜਦੋਂਕਿ ਬਾਕੀ ਬਚਦੀਆਂ 93 ਸੀਟਾਂ ਲਈ 5 ਦਸੰਬਰ ਨੂੰ ਹੋਵੇਗੀ।
ਚੋਣ ਕਮਿਸ਼ਨ ਵੱਲੋਂ ਐਲਾਨੇ ਪ੍ਰੋਗਰਾਮ ਮੁਤਾਬਕ ਗੁਜਰਾਤ ਅਸੈਂਬਲੀ ਚੋਣਾਂ ਦੇ ਪਹਿਲੇ ਤੇ ਦੂਜੇ ਗੇੜ ਲਈ ਨੋਟੀਫਿਕੇਸ਼ਨ ਕ੍ਰਮਵਾਰ 5 ਤੇ 10 ਨਵੰਬਰ ਨੂੰ ਜਾਰੀ ਕੀਤੇ ਜਾਣਗੇੇ। ਦੋਵਾਂ ਗੇੜਾਂ ਲਈ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ ਕ੍ਰਮਵਾਰ 14 ਤੇ 17 ਨਵੰਬਰ ਹੋਵੇਗੀ। ਨਾਮਜ਼ਦਗੀਆਂ ਦੀ ਪੜਤਾਲ ਕ੍ਰਮਵਾਰ 15 ਤੇ 18 ਨਵੰਬਰ ਨੂੰ ਹੋਵੇਗੀ ਜਦੋਂਕਿ ਵਾਪਸ ਲੈਣ ਦੀ ਆਖਰੀ ਤਰੀਕ ਕ੍ਰਮਵਾਰ 17 ਤੇ 21 ਨਵੰਬਰ ਰਹੇਗੀ। ਗੁਜਰਾਤ ਵਿੱਚ 4.9 ਕਰੋੜ ਤੋਂ ਵੱਧ ਯੋਗ ਵੋਟਰ ਹਨ। ਇਨ੍ਹਾਂ ਵਿਚ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਦੀ ਗਿਣਤੀ 4.6 ਲੱਖ ਹੈ। ਚੋਣ ਕਮਿਸ਼ਨ ਵੱਲੋਂ ਵੋਟਰਾਂ ਲਈ ਕੁੱਲ 51,782 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ। ਇਨ੍ਹਾਂ ਵਿਚੋਂ 34,276 ਪੇਂਡੂ ਤੇ 17,506 ਸ਼ਹਿਰੀ ਖੇਤਰਾਂ ਵਿੱਚ ਹੋਣਗੇ।
ਚੋਣ ਪ੍ਰੋਗਰਾਮ ਐਲਾਨਣ ਲਈ ਸੱਦੀ ਪ੍ਰੈੱਸ ਕਾਨਫਰੰਸ ਵਿਚ ਚੋਣ ਕਮਿਸ਼ਨਰ ਅਨੂਪ ਚੰਦਰਾ ਪਾਂਡੇ ਤੇ ਪੋਲ ਅਥਾਰਿਟੀ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਚੋਣਾਂ ਦਾ ਐਲਾਨ ਹੁੰਦਿਆਂ ਹੀ ਗੁਜਰਾਤ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਕਾਬਿਲੇਗੌਰ ਹੈ ਕਿ ਚੋਣ ਕਮਿਸ਼ਨ ਨੇ 14 ਅਕਤੂਬਰ ਨੂੰ ਹਿਮਾਚਲ ਪ੍ਰਦੇਸ਼ ਲਈ ਤਾਂ ਚੋਣ ਤਰੀਕ ਐਲਾਨ ਦਿੱਤੀ, ਪਰ ਗੁਜਰਾਤ ਚੋਣਾਂ ਦੇ ਐਲਾਨ ਨੂੰ ਅੱਗੇ ਪਾ ਦਿੱਤਾ ਸੀ।
ਉਨ੍ਹਾਂ ਨੇ ਵਿਰੋਧੀ ਧਿਰਾਂ ਵੱਲੋਂ ਲਾਏ ਪੱਖਪਾਤ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ। ਗੁਜਰਾਤ ਚੋਣਾਂ ਦੇ ਐਲਾਨ ਵਿੱਚ ਦੇਰੀ ਬਾਰੇ ਵਿਰੋਧੀ ਧਿਰਾਂ ਵੱਲੋਂ ਲਾਏ ਪੱਖਪਾਤ ਦੇ ਦੋਸ਼ਾਂ ’ਤੇ ਨੁਕਤਾਚੀਨੀ ਨੂੰ ਖਾਰਜ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਨੂੰ ਮੌਸਮ, ਸਬੰਧਤ ਅਸੈਂਬਲੀ ਦੇ ਕਾਰਜਕਾਲ ਦੀ ਆਖਰੀ ਤਰੀਕ ਤੇ ਆਦਰਸ਼ ਚੋਣ ਜ਼ਾਬਤਾ ਲਾਉਣ ਲਈ ਦਿਨਾਂ ਦੀ ਗਿਣਤੀ ਸਣੇ ਕਈ ਚੀਜ਼ਾਂ ਵਿੱਚ ਤਵਾਜ਼ਨ ਬਣਾ ਕੇ ਰੱਖਣਾ ਹੁੰਦਾ ਹੈ। ਕੁਮਾਰ ਨੇ ਕਿਹਾ ਕਿ ਗੁਜਰਾਤ ਅਸੈਂਬਲੀ ਦੀ ਮਿਆਦ 18 ਫਰਵਰੀ 2023 ਨੂੰ ਖ਼ਤਮ ਹੋਣੀ ਹੈ ਤੇ ਚੋਣਾਂ 110 ਦਿਨ ਅਗਾਊਂ ਐਲਾਨੀਆਂ ਗਈਆਂ ਹਨ। ਮੁੱਖ ਚੋਣ ਕਮਿਸ਼ਨਰ ਨੇ ਕਿਹਾ, ‘‘ਚੋਣ ਤਰੀਕਾਂ ਦਾ ਐਲਾਨ ਕਰਨ ਮੌਕੇ ਅਸੀਂ ਕਈ ਕਾਰਕਾਂ ਨੂੰ ਵਿਚਾਰਦੇ ਹਾਂ, ਜਿਸ ਵਿੱਚ ਨੇੜਲੇ ਸੂਬਿਆਂ ਵਿੱਚ ਚੋਣਾਂ ਦਾ ਕਾਰਕ ਵੀ ਸ਼ਾਮਲ ਹੁੰਦਾ ਹੈ।’’ ਉਨ੍ਹਾਂ ਇਸ਼ਾਰਾ ਕੀਤਾ ਕਿ ਗੁਜਰਾਤ ਚੋਣਾਂ ਦਾ ਐਲਾਨ ਕੁਝ ਦਿਨ ਪਹਿਲਾਂ ਵੀ ਹੋ ਸਕਦਾ ਸੀ, ਪਰ ਫਿਰ ਸੂਬੇ ਵਿੱਚ ਤ੍ਰਾਸਦੀ (ਮੋਰਬੀ ਪੁਲ ਹਾਦਸਾ) ਵਾਪਰ ਗਈ। ਕੁਮਾਰ ਨੇ ਕਿਹਾ, ‘ਅਸੀਂ ਸੂਬੇ ਵਿੱਚ ਘਟੀ ਤ੍ਰਾਸਦੀ ਦਾ ਵੀ ਨੋਟਿਸ ਲੈਣਾ ਸੀ। ਚੋਣ ਤਰੀਕਾਂ ਐਲਾਨਣ ’ਚ ਦੇਰੀ ਦਾ ਇਕ ਕਾਰਨ ਇਹ ਵੀ ਹੈ। ਲੰਘੇ ਦਿਨ (ਬੁੁੱਧਵਾਰ) ਤੱਕ ਪੂਰਾ ਸੂਬਾ ਰਾਜਸੀ ਸੋਗ ਵਿੱਚ ਸੀ।’’ ਚੋਣ ਕਮਿਸ਼ਨ ਦੀ ਨਿਰਪੱਖਤਾ ਦੇ ਵੱਡੇ ਸਵਾਲ ’ਤੇ ਕੁਮਾਰ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਵਿਧਾਨ ਸਭਾ ਚੋਣਾਂ ਨੇ ਹੈਰਾਨੀਜਨਕ ਨਤੀਜੇ ਦਿੱਤੇ ਹਨ। ਕੁਮਾਰ ਨੇ ਕਿਹਾ, ‘‘ਅਸਲ ਵਿੱਚ ਅਮਲ ਅਤੇ ਨਤੀਜੇ ਸ਼ਬਦਾਂ ਨਾਲੋਂ ਵੱਡੇ ਹੁੰਦੇ ਹਨ। ਵੱਡੀ ਗਿਣਤੀ ਵਿਧਾਨ ਸਭਾ ਚੋਣਾਂ ਵਿੱਚ ਜੋ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਨੇ ਕਮਿਸ਼ਨ ਦੀ ਆਲੋਚਨਾ ਕਰਨ ਵਾਲਿਆਂ ਨੂੰ ਕਈ ਵਾਰ ਹੈਰਾਨ ਕੀਤਾ ਹੈ। ਮੈਂ ਇਸ ਦੀ ਤਫ਼ਸੀਲ ’ਚ ਨਹੀਂ ਜਾਣਾ ਚਾਹੁੰਦਾ।’’
ਮੌਜੂਦਾ ਗੁਜਰਾਤ ਅਸੈਂਬਲੀ ਵਿੱਚ ਭਾਜਪਾ ਦੀਆਂ 99 ਜਦੋਂਕਿ ਕਾਂਗਰਸ ਕੋਲ 77 ਸੀਟਾਂ ਹਨ। ਭਾਜਪਾ 2017 ਦੀਆਂ ਅਸੈਂਬਲੀ ਚੋਣਾਂ ਵਿੱਚ ਲਗਾਤਾਰ ਛੇਵੀਂ ਵਾਰ ਜਿੱਤ ਦਰਜ ਕਰਕੇ ਸੱਤਾ ’ਤੇ ਕਾਬਜ਼ ਹੋਈ ਸੀ। ਐਤਕੀਂ ਗੁਜਰਾਤ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੀਜੀ ਧਿਰ ਵਜੋਂ ਉਭਰ ਕੇ ਸਾਹਮਣੇ ਆਈ ਹੈ। ਪੰਜਾਬ ਵਿੱਚ ਪਾਰਟੀ ਦੀ ਸਰਕਾਰ ਬਣਨ ਮਗਰੋਂ ‘ਆਪ’ ਨੇ ਗੁਜਰਾਤ ਚੋਣਾਂ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੁਜਰਾਤ ਚੋਣਾਂ ਦੇ ਮੱਦੇਨਜ਼ਰ ਕਈ ਵਾਰ ਸੂਬੇ ਦੇ ਗੇੜੇ ਲਾ ਚੁੱਕੇ ਹਨ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਚੋਣਾਂ ਦੇ ਮੱਦੇਨਜ਼ਰ ਪਿਛਲੇ ਇਕ ਮਹੀਨੇ ਦੌਰਾਨ ਦੋਵਾਂ ਸੂਬਿਆਂ ’ਚ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਤੇ ਉਦਘਾਟਨ ਕੀਤਾ ਹੈ।