ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੀ ਕਾਰਸੇਵਾ ਦਾ ਦੂਜਾ ਪੜਾਓ ਸ਼ੁਰੂ

DSC_8784DSC_0108ਨਵੀਂ ਦਿੱਲੀ, 24 ਮਾਰਚ – ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੀ ਸਫ਼ਾਈ ਦੀ ਕਾਰਸੇਵਾ ਜੋ ਕਿ ਕਲ 23 ਮਾਰਚ ਦਿਨ ਸੋਮਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਸੀ। ਬਾਬਾ ਬਚਨ ਸਿੰਘ ਕਾਰਸੇਵਾ ਵਾਲੇ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਅੱਧੇ ਸਰੋਵਰ ਵਿਚੋਂ ਜਲ ਕੱਢ ਕੇ ਉਸ ਵਿਚੋਂ ਜਮ੍ਹਾ ਮਿਟੀ ਨੂੰ ਕੱਢਣ ਵਾਸਤੇ ੪ ਦਿਨ ਦਾ ਸਮਾਂ ਤੈਅ ਕੀਤਾ ਗਿਆ ਸੀ ਪਰ ਦਿੱਲੀ ਦੀਆਂ ਸੰਗਤਾਂ ਨੇ ਇਕ ਦਿਨ ਵਿੱਚ ਹੀ ਹੱਥੀ ਸੇਵਾ ਕਰਦੇ ਹੋਏ ਅੱਧੇ ਸਰੋਵਰ ਨੂੰ ਸਾਫ਼ ਕਰ ਦਿੱਤਾ। ਜਿਸ ਕਰਕੇ ਅੱਜ ਕਾਰਸੇਵਾ ਦਾ ਦੂਜਾ ਪੜਾਓ ਸਰੋਵਰ ਦੇ ਵਿੱਚ ਰੇਤਾਂ ਪਾਉਣ ਦਾ ਕਾਰਜ ਸ਼ੁਰੂ ਕੀਤਾ ਗਿਆ ਅਤੇ ਦੇਰ ਰਾਤ ਤੱਕ ਇਸ ਵਿੱਚ ਜਲ ਭਰਣ ਦੀ ਪ੍ਰਕ੍ਰਿਆ ਪੂਰੇ ਹੋਣ ਦੇ ਆਸਾਰ ਹਨ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਸੰਗਤਾਂ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਦਾਅਵਾ ਕੀਤਾ ਕਿ ਕੱਲ੍ਹ ਲਗਭਗ ੨ ਲੱਖ ਸੰਗਤਾਂ ਨੇ ਹੱਥੀ ਸੇਵਾ ਕਰਕੇ ੪ ਦਿਨਾ ਦੇ ਕਾਰਜ ਨੂੰ ਇਕ ਦਿਨ ਵਿੱਚ ਹੀ ਖ਼ਤਮ ਕਰਕੇ ਸਾਨੂੰ ਹੈਰਾਨ ਕਰ ਦਿੱਤਾ ਹੈ ਤੇ ਸ਼ਾਇਦ ਇਹ ਗੁਰੂ ਦਾ ਭਾਣਾ ਤੇ ਸੰਗਤਾਂ ਦਾ ਪਿਆਰ ਹੈ ਕਿ ਇੰਨਾ ਵੱਡਾ ਕਾਰਜ ਆਪਣੇ ਨਿਯਤ ਸਮੇਂ ਤੋਂ ਵੀ ਪਹਿਲੇ ਸਿਰੇ ਚੜ੍ਹਨ ਨੂੰ ਤਿਆਰ ਹੈ। ਸਰੋਵਰ ਵਿੱਚ ਰੇਤਾ ਪਾਉਣ ਦੀ ਸੇਵਾ ਅੱਜ ਬਿਲਡਿੰਗ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਭੋਗਲ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ ਅਤੇ ਜਰਨਲ ਮੈਨੇਜਰ ਰਾਮ ਸਿੰਘ ਨੇ ਸੰਗਤਾਂ ਨਾਲ ਮਿਲ ਕੇ ਵੀ ਨਿਭਾਈ।