ਗੁਰਦੁਆਰਾ ਬੰਬੇ ਹਿੱਲ ਵਿਖੇ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਡਾ. ਭੀਮ ਰਾਓ ਅੰਬੇਡਕਰ ਦਾ 131ਵਾਂ ਜਨਮ ਦਿਹਾੜਾ ਮਨਾਇਆ

ਬੰਬੇ ਹਿੱਲ (ਆਕਲੈਂਡ), 17 ਅਪ੍ਰੈਲ – ਇੱਥੇ ਸਥਿਤ ਗੁਰਦੁਆਰਾ ਗੁਰੂ ਰਵਿਦਾਸ ਸਭਾ, ਬੰਬੇ ਹਿੱਲ ਵਿਖੇ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵੱਲੋਂ ਡਾ. ਭੀਮ ਰਾਓ ਅੰਬੇਡਕਰ ਦਾ 131ਵਾਂ ਜਨਮ ਦਿਹਾੜਾ ਮਨਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੋਂ ਉਪਰੰਤ ਬਾਬਾ ਗੁਰਚਰਨ ਸਿੰਘ ਅਤੇ ਸਾਥੀਆਂ ਨੇ ਕੀਰਤਨ ਦੀ ਸੇਵਾ ਨਿਭਾਈ। ਇਸ ਮੌਕੇ ਪਹੁੰਚੇ ਪਤਵੰਤੇ ਸੱਜਣਾਂ ਨੇ ਡਾ. ਭੀਮ ਰਾਓ ਅੰਬੇਡਕਰ ਦੇ ਸੰਬੰਧ ‘ਚ ਆਪਣੇ ਵਿਚਾਰ ਰੱਖੇ। ਭਾਰਤੀ ਹਾਈ ਕਮਿਸ਼ਨ ਦੇ ਆਕਲੈਂਡ ਸਥਿਤ ਦਫ਼ਤਰ ਤੋਂ ਆਨਰੇਰੀ ਕੌਂਸਲ ਸ੍ਰੀ ਭਵਦੀਪ ਸਿੰਘ ਢਿੱਲੋਂ ਨੇ ਹਾਜ਼ਰੀ ਲੁਆਈ ਅਤੇ ਹਾਜ਼ਰ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਉੱਤੇ ਅਧਾਰਿਤ ਡਾਕੂਮੈਂਟਰੀ ਵੀ ਵਿਖਾਈ ਗਈ।
ਸ੍ਰੀ ਜਸਵਿੰਦਰ ਸੰਧੂ ਨੇ ਪਹੁੰਚੀਆਂ ਸੰਗਤਾਂ ਨੂੰ ਜੀ ਆਇਆਂ ਕਿਹਾ ਅਤੇ ਵਧਾਈ ਦਿੱਤੀ। ਇਸ ਮੌਕੇ ਬੁਲਾਰਿਆਂ ਨੂੰ ਵਾਰੀ ਵਾਰੀ ਬੋਲਣ ਦਾ ਸੱਦਾ ਦਿੱਤਾ। ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਬਾਰੇ ਵਿਚਾਰ ਰੱਖਣ ਵਾਲੇ ਬੁਲਾਰਿਆਂ ‘ਚ ਆਨਰੇਰੀ ਕੌਂਸਲ ਸ੍ਰੀ ਭਵਦੀਪ ਸਿੰਘ ਢਿੱਲੋਂ ਤੋਂ ਇਲਾਵਾ ਮਲਕੀਤ ਸਹੋਤਾ, ਅਮਰਜੀਤ ਬੰਗੜ, ਮਹਿੰਦਰਪਾਲ, ਸ. ਖੜਗ ਸਿੰਘ, ਸ. ਜਰਨੈਲ ਸਿੰਘ ਰਾਹੋ, ਪਰਮਜੀਤ ਮਹਿਮੀ ਅਤੇ ਨਰਿੰਦਰ ਸਹੋਤਾ ਸ਼ਾਮਿਲ ਸਨ।
ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦੀ ਅੰਡਰ-16 ਟੀਮ, ਜਿਸ ਦੇ ਵਿੱਚ ਅਮਨਦੀਪ ਸੰਧੂ, ਸ਼ੈਲੀ ਸੰਧੂ, ਗੌਰਵ ਸਹੋਤਾ, ਭਵਦੀਪ ਰੱਤੂ, ਸਾਹਿਲ ਸੰਧੂ, ਅਰਮਾਨ ਸੰਧੂ, ਮੋਹਿਤ ਚੌਂਕੜੀਆਂ, ਰੋਹਿਤ ਚੌਕੜੀਆਂ ਅਤੇ ਲਿਵਲੀਨ ਹੀਰ ਆਦਿ ਬੱਚੇ ਵੀ ਅੱਜ ਦੇ ਸਮਾਗਮ ਵਿੱਚ ਸ਼ਾਮਿਲ ਹੋਏ। ਅੱਜ ਦੇ ਸਮਾਗਮ ਦੇ ਅੰਤ ਵਿੱਚ ਅਰਦਾਸ ਤੇ ਭੋਗ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।