ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਿਊਲਿਨ ਵਿਖੇ ਖਾਲਸਾ ਸਾਜਨਾ ਦਿਵਸ ਸੰਬੰਧੀ ਸਮਾਗਮ ਹੋਏ

ਨਿਊਲਿਨ (ਆਕਲੈਂਡ), 17 ਅਪ੍ਰੈਲ – ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਿਊਲਿਨ ਵਿ14 ਅਪ੍ਰੈਲ ਦਿਨ ਸ਼ਨਿਚਰਵਾਰ ਦੀ ਸ਼ਾਮ ਨੂੰ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਜਿਸ ਦੇ ਸੰਬੰਧ ਵਿੱਚ 12 ਅਪ੍ਰੈਲ ਦਿਨ ਵੀਰਵਾਰ ਨੂੰ ਸਵੇਰੇ 9.00 ਵਜੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ, ਜਿਨ੍ਹਾਂ ਦਾ ਭੋਗ 14 ਅਪ੍ਰੈਲ ਦਿਨ ਸ਼ਨਿਚਰਵਾਰ ਨੂੰ ਸਵੇਰੇ 9.00 ਵਜੇ ਪਾਏ। ਇਸੇ ਦਿਨ ਸ਼ਾਮੀ 5.00 ਵਜੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਿਸ਼ਾਨ ਸਾਹਿਬ ਦਾ ਚੋਲ੍ਹਾ ਬਦਲਣ ਦੀ ਸੇਵਾ ਕੀਤੀ ਗਈ ਅਤੇ ਉਪਰੰਤ ਕੀਰਤਨ ਦੀਵਾਨ ਸਜਾਏ ਗਏ, ਜਿਸ ਵਿੱਚ ਭਾਈ ਰਣਜੀਤ ਸਿੰਘ ਆਗਰਾ ਵਾਲਿਆਂ ਦੇ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ ਰਾਹੀ ਨਿਹਾਲ ਕੀਤਾ। ਕੀਰਤਨ ਦੀਵਾਨ ਦੀ ਸਮਾਪਤੀ ਰਾਤੀ 8.30 ਵਜੇ ਕੀਤੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ 15 ਅਪ੍ਰੈਲ ਦਿਨ ਐਤਵਾਰ ਨੂੰ ਵੀ ਕੀਰਤਨ ਦੀਵਾਨ ਹੋਏ, ਇਸ ਵਿੱਚ ਵੀ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।
ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਮਾਗਮਾਂ ਦੇ ਦੋਵੇਂ ਦਿਨ ਕੇਸਰੀ ਦਸਤਾਰਾਂ ਤੇ ਦੁਪੱਟੇ ਸਜਾ ਕੇ ਆਉਣ ਲਈ ਬੇਨਤੀ ਕੀਤੀ ਸੀ, ਜਿਸ ਦਾ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਵੇਖਣ ਨੂੰ ਮਿਲਿਆ। ਜ਼ਿਕਰਯੋਗ ਹੈ ਕਿ ਗੁਰਦੁਆਰਾ ਕਮੇਟੀ ਨੇ ਸੰਗਤਾਂ ਨੂੰ ਬੇਨਤੀ ਕੀਤੀ ਸੀ ਕਿ ਜਿਸ ਸਜਣ ਕੋਲ ਕੇਸਰੀ ਦਸਤਾਰ ਤੇ ਬੀਬੀ ਕੋਲ ਦੁਪੱਟਾ ਨਹੀਂ ਹੈ ਉਸ ਨੂੰ ਗੁਰਦੁਆਰਾ ਸਾਹਿਬ ਤੋਂ ਦਸਤਾਰਾਂ ਤੇ ਦੁਪੱਟੇ ਦਿੱਤੇ ਜਾਣਗੇ ਤਾਂ ਜੋ ਸਾਰੇ ਹੀ ਕੇਸਰੀ ਰੰਗ ਵਿੱਚ ਰੰਗੇ ਨਜ਼ਰ ਆਉਣ।