ਗੁਰਦੁਆਰਾ ਹੇਮਕੁੰਟ ਸਾਹਿਬ ਅਤੇ ਚਾਰਧਾਮ ਯਾਤਰਾ ‘ਤੇ ਜਾਣ ਵਾਲੇ ਯਾਤਰੀਆਂ ਦੀ ਸੁਰੱਖਿਆ ਲਈ ਮੋਬਾਈਲ ਐਪ ਬਣਾਈ

ਰਿਸ਼ੀਕੇਸ਼ (ਉੱਤਰਾਖੰਡ), 8 ਅਪ੍ਰੈਲ – ਉੱਤਰਾਖੰਡ ਸੈਰ-ਸਪਾਟਾ ਵਿਕਾਸ ਪਰਿਸ਼ਦ ਨੇ ਇਸ ਸਾਲ ਚਾਰਧਾਮ ਯਾਤਰਾ ਜਾਂ ਹੇਮਕੁੰਟ ਸਾਹਿਬ ਗੁਰਦੁਆਰੇ ਦੀ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਲਈ ‘ਟੂਰਿਸਟ ਕੇਅਰ ਸਿਸਟਮ’ ਨਾਮ ਦੀ ਮੋਬਾਈਲ ਐਪ ਤਿਆਰ ਕੀਤੀ ਹੈ। ਇੱਥੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਗੜ੍ਹਵਾਲ ਹਿਮਾਲਿਆ ਸਥਿਤ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਅਤੇ ਹੇਮਕੁੰਟ ਸਾਹਿਬ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਆਪਣੇ ਫ਼ੋਨ ‘ਤੇ ‘ਟੂਰਿਸਟ ਕੇਅਰ ਸਿਸਟਮ’ ਮੋਬਾਈਲ ਐਪ ਡਾਊਨਲੋਡ ਕਰਨੀ ਹੋਵੇਗੀ ਅਤੇ ਇਸ ‘ਤੇ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਸੈਰ-ਸਪਾਟਾ ਸਕੱਤਰ ਦਲੀਪ ਜਾਵਲਕਰ ਨੇ ਦੱਸਿਆ ਕਿ ਮੋਬਾਈਲ ‘ਤੇ ਐਪ ਡਾਊਨਲੋਡ ਹੋਣ ਮਗਰੋਂ ਸ਼ਰਧਾਲੂਆਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਸਕਦੀ ਹੈ। ਜਿਨ੍ਹਾਂ ਯਾਤਰੀਆਂ ਨੂੰ ਐਪ ‘ਤੇ ਰਜਿਸਟ੍ਰੇਸ਼ਨ ਕਰਵਾਉਣ ਵਿੱਚ ਮੁਸ਼ਕਲ ਆਵੇਗੀ, ਉਨ੍ਹਾਂ ਨੂੰ ‘ਇਨਡਿਵਿਜ਼ੁਅਲ ਕਿਊ ਆਰ ਕੋਡ’ ਵਾਲਾ ਇੱਕ ਗੁੱਟ ਬੈਂਡ ਦਿੱਤਾ ਜਾਵੇਗਾ, ਜੋ ਟੂਰਿਸਟ ਕੇਅਰ ਸਿਸਟਮ ਐਪ ਨਾਲ ਜੁੜਿਆ ਹੋਵੇਗਾ। ਜਾਵਲਕਰ ਨੇ ਦੱਸਿਆ ਕਿ ਯਾਤਰੀਆਂ ਅਤੇ ਸੈਲਾਨੀਆਂ ਦੇ ਨਾਲ-ਨਾਲ ਉਨ੍ਹਾਂ ਦੇ ਵਾਹਨਾਂ ਦੀਆਂ ਨੰਬਰ ਪਲੇਟਾਂ ਨੂੰ ਵੀ ਆਟੋਮੈਟਿਕ ਨੰਬਰ ਪਲੇਟ ਰਿਕਾਰਡਰ ਰਾਹੀਂ ਇਸ ਐਪ ਨਾਲ ਜੋੜਿਆ ਜਾਵੇਗਾ।