ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਕਮੇਟੀ ਨੇ ਸਜਾਇਆ ਨਗਰ ਕੀਰਤਨ

????????????????????????????????????

ਪਾਲਕੀ ਸਾਹਿਬ ਦੀ ਮੌਜੂਦਾ ਸਥਿਤੀ ਦੀ ਜਾਣਕਾਰੀ ਲਈ ਪਹਿਲੀ ਵਾਰ ਹੋਇਆ ਜੀ.ਪੀ.ਐੱਸ. ਸਿਸਟਮ ਦਾ ਇਸਤੇਮਾਲ
ਨਵੀਂ ਦਿੱਲੀ – 3 ਨਵੰਬਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਨਗਰ ਕੀਰਤਨ ਜੁੱਗੋ ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਅਰਦਾਸ ਉਪਰੰਤ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਆਰੰਭ ਹੋ ਚਾਂਦਨੀ ਚੌਂਕ, ਫ਼ਤਿਹਪੁਰੀ, ਖਾਰੀ ਬਾਉਲੀ, ਲਹੌਰੀ ਗੇਟ, ਕੁਤਬ ਰੋਡ, ਤੇਲੀਵਾੜਾ, ਆਜ਼ਾਦ ਮਾਰਕੀਟ, ਪੁਲ ਬੰਗਸ, ਰੌਸ਼ਨਆਰਾ ਰੋਡ, ਘੰਟਾ ਘਰ (ਸਬਜ਼ੀ ਮੰਡੀ), ਰਾਣਾ ਪ੍ਰਤਾਪ ਬਾਗ਼, ਬੇਬੇ ਨਾਨਕੀ ਚੌਂਕ ਤੋਂ ਹੁੰਦਾ ਹੋਇਆ ਗੁਰਦੁਆਰਾ ਨਾਨਕ ਪਿਆਉ ਵਿਖੇ ਪੁੱਜਾ।
ਜ਼ਿਕਰਯੋਗ ਹੈ ਕਿ ਪਹਿਲੀ ਵਾਰ ਕਮੇਟੀ ਵੱਲੋਂ ਸੰਗਤਾਂ ਨੂੰ ਪਾਲਕੀ ਸਾਹਿਬ ਦੀ ਲੋਕੇਸ਼ਨ ਦੀ ਜਾਣਕਾਰੀ ਦੇਣ ਲਈ ਕਮੇਟੀ ਦੀ ਵੈੱਬਸਾਈਟ ‘ਤੇ ਖ਼ਾਸ ਪ੍ਰਬੰਧ ਕੀਤਾ ਗਿਆ ਸੀ। ਕਮੇਟੀ ਵੈੱਬਸਾਈਟ ‘ਤੇ ਕਲਿੱਕ ਕਰਨ ਉਪਰੰਤ ਸੰਗਤਾਂ ਨੂੰ ਪਾਲਕੀ ਸਾਹਿਬ ਦੀ ਮੌਜੂਦਾ ਸਥਿਤੀ ਦੀ ਜਾਣਕਾਰੀ ਨਿਸ਼ਾਨ ਸਾਹਿਬ ਲੱਗੇ ਗੁੰਬਦ ਵਰਗੇ ਚਿੰਨ੍ਹ ਤੋਂ ਪ੍ਰਾਪਤ ਹੋਈਂ। ਜਿਸ ਕਰਕੇ ਸੰਗਤਾਂ ਨੂੰ ਪਾਲਕੀ ਸਾਹਿਬ ਦੀ ਉਡੀਕ ਲਈ ਨਗਰ ਕੀਰਤਨ ਰੂਟ ‘ਤੇ ਉਡੀਕ ਕਰਨ ਦੀ ਲੋੜ ਨਹੀਂ ਰਹੀ।

ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਮੁੱਚੇ ਪੰਥ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਜਿਸ ਸਮੇਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਤਾਂ ਭਾਰਤ ਵਿੱਚ ਲੁੱਟ ਖਸੁੱਟ ਤੇ ਪਾਪ ਜ਼ੁਲਮ ਜ਼ੋਰਾਂ ਉੱਤੇ ਸੀ। ਡਰ ਤੇ ਸਹਿਮ ਕਾਰਨ ਆਮ ਜਨਤਾ ਦਾ ਸਾਹ ਸਤ ਮੁੱਕਾ ਹੋਇਆ ਸੀ। ਇੱਕ ਪਾਸੇ ਵਿਦੇਸ਼ੀ ਹਮਲਾਵਰ ਆਏ ਦਿਨ ਜ਼ੁਲਮ ਕਰਕੇ ਹਿੰਦੁਸਤਾਨ ਦੀ ਪਰਜਾ ਨੂੰ ਤਹਿਸ ਨਹਿਸ ਕਰ ਜਾਂਦੇ ਤੇ ਦੂਸਰੇ ਪਾਸੇ ਪਰਜਾ ਆਪ ਹੀ ਜਾਤ ਪਾਤ, ਊਚ ਨੀਚ ਤੇ ਵਹਿਮਾਂ ਭਰਮਾਂ ਵਿੱਚ ਜਕੜੀ ਪਈ ਸੀ। ਹਰ ਪਾਸੇ ਬੇਚੈਨੀ ਤੇ ਘਬਰਾਹਟ ਸੀ। ਧਰਮ ਦੀ ਅਗਵਾਈ ਕਰਨ ਵਾਲੇ ਲੋਕ ਤੇ ਹਾਕਮ ਸ਼੍ਰੇਣੀ ਦੇ ਲੋਕ ਜਿਨ੍ਹਾਂ ਦੀ ਜ਼ਿੰਮੇਵਾਰੀ ਪਰਜਾ ਦੀ ਰੱਖਿਆ ਕਰਨ ਸੀ ਤੇ ਸਹੀ ਦਿਸ਼ਾ ਪ੍ਰਦਾਨ ਕਰਨਾ ਹੁੰਦਾ ਸੀ। ਉਹ ਲੋਕ ਖ਼ੁਦ ਹੀ ਪਰਜਾ ਤੇ ਜ਼ੁਲਮ ਢਾਹ ਰਹੇ ਸਨ ਤਾਂ ਗੁਰੂ ਨਾਨਕ ਦੇਵ ਜੀ ਨੇ ਭਾਰਤੀ ਸਮਾਜ ਦੀ ਅਧਮੋਈ ਤੇ ਨਿਘਾਰ ਵਾਲੀ ਦਸ਼ਾ ਨੂੰ ਗੰਭੀਰਤਾ ਨਾਲ ਮਹਿਸੂਸ ਕੀਤਾ ਤੇ ਵੇਖਿਆ ਕਿ ਪਰਜਾ ਕੁੱਝ ਹੱਦ ਤੱਕ ਖ਼ੁਦ ਹੀ ਜ਼ਿੰਮੇਵਾਰ ਹੈ।
ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਪਹਿਲਾ ਕਦਮ ਇਹ ਚੁੱਕਿਆ ਕਿ ਪਰਜਾ ਵਿੱਚੋਂ ਊਚ-ਨੀਚ, ਜਾਤ-ਪਾਤ ਦਾ ਵਿਤਕਰਾ ਖ਼ਤਮ ਕੀਤਾ ਜਾਵੇ। ਉਨ੍ਹਾਂ ਨੇ ਇਸਤਰੀ ਜਾਤੀ ਦੇ ਹੱਕ ਵਿੱਚ ਆਵਾਜ਼ ਉਠਾਈ। ਉਨ੍ਹਾਂ ਨੇ ਸਮਾਜ ਦੇ ਹਰ ਖੇਤਰ ਧਾਰਮਿਕ, ਰਾਜਨੀਤਕ, ਸਮਾਜਿਕ ਤੇ ਆਰਥਿਕ ਖੇਤਰ ਵਿੱਚੋਂ ਬੁਰਾਈਆਂ ਨੂੰ ਦੂਰ ਕਰਕੇ ਸਮੂਹ ਲੁਕਾਈ ਨੂੰ ਸੌਖਾ ਤੇ ਸਿੱਧਾ ਰਸਤਾ ਦਿਖਾਇਆ ਤੇ ਕੇਵਲ ਇੱਕ ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਣ, ਹੱਥੀ ਕਿਰਤ ਕਰਨ, ਵੰਡ ਛਕਣ ਤੇ ਨਾਮ ਜਪਣ ਦੀ ਪ੍ਰੇਰਨਾ ਦਿੱਤੀ।
ਨਗਰ ਕੀਰਤਨ ਵਿੱਚ ਨਗਾਰਾ ਗੱਡੀ, ਬੈਂਡ ਵਾਜੇ, ਗੁਰੂ ਮਹਾਰਾਜ ਦੀਆਂ ਲਾਡਲੀਆਂ ਫ਼ੌਜਾਂ (ਨਿਹੰਗ ਸਿੰਘ ਘੋੜ ਸਵਾਰ), ਖਾਲਸਾ ਸਕੂਲਾਂ/ਕਾਲਜਾਂ ਦੇ ਬੱਚੇ ਬੈਂਡ ਵਾਜਿਆਂ ਨਾਲ ਨਗਰ ਕੀਰਤਨ ਦੀ ਸੋਭਾ ਨੂੰ ਵਧਾ ਰਹੇ ਸਨ। ਸ਼ਸਤਰ ਵਿੱਦਿਆ ਦਲ ਦੇ ਗਤਕਈ ਅਖਾੜੇ ਸ਼ਸਤਰਾਂ ਰਾਹੀਂ ਆਪਣੀ ਕਲਾ ਦੇ ਜੌਹਰ ਵਿਖੇ ਰਹੇ ਸਨ। ਨਗਰ ਕੀਰਤਨ ਦੇ ਸਾਰੇ ਰਸਤੇ ਵਿੱਚ ਇਲਾਕੇ ਦੀਆਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਦੇ ਸਤਿਕਾਰ ਲਈ ਸਵਾਗਤੀ ਗੇਟ ਬਣਾਏ ਹੋਏ ਸਨ ਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ। ਨਗਰ ਕੀਰਤਨ ਵਿੱਚ ਸ਼ਬਦੀ ਜਥੇ, ਅਖੰਡ ਕੀਰਤਨੀ ਜਥਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਰਾਤ ਨੂੰ ਸਮੂਹ ਗੁਰਦੁਆਰਿਆਂ ਵਿੱਚ ਵਿਸ਼ੇਸ਼ ਦੀਪਮਾਲਾ ਕੀਤੀ ਗਈ।
ਇਸ ਮੌਕੇ ‘ਤੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ, ਜਾਇੰਟ ਸਕੱਤਰ ਸ. ਅਮਰਜੀਤ ਸਿੰਘ ਫ਼ਤਿਹ ਨਗਰ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ, ਮੈਂਬਰ ਜਥੇਦਾਰ ਅਵਤਾਰ ਸਿੰਘ ਹਿਤ, ਸ. ਕੁਲਵੰਤ ਸਿੰਘ ਬਾਠ, ਸ. ਬਿਕਰਮ ਸਿੰਘ ਰੋਹਿਣੀ, ਸ. ਅਮਰਜੀਤ ਸਿੰਘ ਪਿੰਕੀ, ਸ. ਸਰਵਜੀਤ ਸਿੰਘ ਵਿਰਕ, ਸ. ਕੁਲਦੀਪ ਸਿੰਘ ਸਾਹਨੀ, ਸ. ਹਰਵਿੰਦਰ ਸਿੰਘ ਕੇ.ਪੀ., ਸ. ਗੁਰਮੀਤ ਸਿੰਘ ਮੀਤਾ, ਸ. ਪਰਮਜੀਤ ਸਿੰਘ ਚੰਢੋਕ, ਸ. ਜਤਿੰਦਰਪਾਲ ਸਿੰਘ ਨਰੂਲਾ, ਸ. ਹਰਜੀਤ ਸਿੰਘ ਪੱਪਾ, ਸ. ਚਮਨ ਸਿੰਘ ਸਾਹਿਬਪੁਰਾ, ਜਥੇਦਾਰ ਬਲਦੇਵ ਸਿੰਘ ਰਾਣੀ ਬਾਗ਼, ਸ. ਮਹਿੰਦਰ ਸਿੰਘ ਭੁੱਲਰ, ਕਮੇਟੀ ਦੇ ਮੁੱਖ ਸਲਾਹਕਾਰ ਸ. ਕੁਲਮੋਹਨ ਸਿੰਘ, ਸਾਬਕਾ ਮੈਂਬਰ ਜਥੇਦਾਰ ਕੁਲਦੀਪ ਸਿੰਘ ਭੋਗਲ, ਸ. ਰਵਿੰਦਰ ਸਿੰਘ ਖੁਰਾਣਾ, ਸ. ਸਤਪਾਲ ਸਿੰਘ, ਸ. ਰਵਿੰਦਰ ਸਿੰਘ ਲਵਲੀ ਤੇ ਹੋਰ ਪਤਵੰਤੇ ਸੱਜਣਾਂ ਨੇ ਹਾਜ਼ਰੀਆਂ ਭਰੀਆਂ।