ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਯੂਟਾ ਸਟੇਟ ਵੱਲੋਂ ‘World Equality Day’ ਵਜੋਂ ਅਤੇ ਯੂਟਾ ਦੇ ਗਵਰਨਰ ਵੱਲੋਂ ‘Sikh Heritage Day’ ਵਜੋਂ ਮਾਨਤਾ – ਵਰਲਡ ਸਿੱਖ ਪਾਰਲੀਮੈਂਟ

ਨਿਊਯਾਰਕ, 30 ਅਕਤੂਬਰ – 28 ਅਕਤੂਬਰ ਨੂੰ ਸਿੱਖ ਕੌਮ ਲਈ ਇੱਕ ਖ਼ੁਸ਼ੀ ਦੀ ਖ਼ਬਰ ਯੂਟਾ ਸਟੇਟ ਤੋਂ ਆਈ ਹੈ ਕਿ, ਜਿੱਥੇ ਕਿ ਰਿਪ੍ਰੇਸੈਂਟੇਟਿਵ ਕੌਲਰਡ ਦੇ ਯਤਨ ਸਦਕਾ ਯੂਟਾ ਸਟੇਟ ਵੱਲੋਂ ਗੁਰੂ ਨਾਨਕ ਦੇਵ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਵਰਲਡ ਇਕੁਐਲਿਟੀ ਡੇਅ (World Equality Day) ਵਜੋਂ ਮਾਨਤਾ ਦਿੱਤੀ ਗਈ। ਇਸ ਦੇ ਨਾਲ ਹੀ ਯੂਟਾ ਦੇ ਗਵਰਨਰ ਸਪੈਂਸਰ ਕੋਕਸ ਵੱਲੋਂ ਇਸੇ ਦਿਨ ਨੂੰ ਸਿੱਖ ਹੈਰੀਟੇਜ ਡੇਅ (Sikh Heritage Day) ਵਜੋਂ ਮਾਨਤਾ ਦਿੱਤੀ ਗਈ ਹੈ।
ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ, ਜਿੱਥੇ ਰਿਪ੍ਰੇਸੈਂਟੇਟਿਵ ਕੌਲਰਡ ਦੇ ਨਾਲ ਰਿਪ੍ਰੇਸੈਂਟੇਟਿਵ ਡੈਲੀ ਪ੍ਰੋਵੋਸਟ, ਐਲਿਜ਼ਾਬੈੱਥ ਵੇਈਟ ਅਤੇ ਐਂਜਲਾ ਰੋਮੀਓ ਮੌਜੂਦ ਸਨ, ਉੱਥੇ ਹੀ ਯੂਟਾ ਦੇ ਦੋਵੇਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਮੈਂਬਰ ਅਤੇ ਸਟੇਟ ਰਿਪ੍ਰੇਸੈਂਟੇਟਿਵ ਨਾਲ ਸੰਪਰਕ ਬਣਾਉਣ ਵਾਲੇ ਸ. ਹਰਜਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ। ਜਿਨ੍ਹਾਂ ਵਿੱਚ ਸ. ਗੱਜਣ ਸਿੰਘ, ਬੀਬੀ ਗੁਰਜੀਤ ਕੌਰ, ਸ. ਬੂਟਾ ਸਿੰਘ, ਸ. ਅਮਰੀਕ ਸਿੰਘ, ਸ. ਲਾਲ ਸਿੰਘ, ਸ. ਅਜੀਤ ਸਿੰਘ, ਸ. ਬਲਵਿੰਦਰ ਸਿੰਘ ਵੀ ਸ਼ਾਮਲ ਸਨ।
ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਅਤੇ ਸਕ੍ਰੇਟਰੀ ਬੀਬੀ ਹਰਮਨ ਕੌਰ ਦਾ ਇਸ ਸਾਰੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਰਿਹਾ।
ਸ. ਹਿੰਮਤ ਸਿੰਘ ਨੇ ਦੱਸਿਆ ਕੇ ਵਰਲਡ ਸਿੱਖ ਪਾਰਲੀਮੈਂਟ ਦੇ ਯਤਨ ਸਦਕਾ ਪਹਿਲਾਂ ਵੀ ਨਿਊ ਜਰਸੀ ਅਤੇ ਮੈਸੇਚਿਉਸੇਟਸ ਸਟੇਟ ਵਿੱਚ ਵੀ ਇਸ ਦਿਨ ਨੂੰ ਵਰਲਡ ਇਕੁਐਲਿਟੀ ਡੇਅ ਨੂੰ ਮਾਨਤਾ ਮਿਲ ਚੁੱਕੀ ਹੈ ਅਤੇ ਸਿੱਖ ਪਹਿਚਾਣ ਨਾਲ ਸੰਬੰਧਿਤ ਦਿਨ ਨੂੰ ਮਾਨਤਾ ਦਿਵਾਉਣ ਲਈ ਅੱਗੇ ਵੀ ਇਸੇ ਤਰ੍ਹਾਂ ਯਤਨ ਜਾਰੀ ਰਹਿਣਗੇ।
ਬੀਬੀ ਹਰਮਨ ਕੌਰ ਨੇ ਯੂਟਾ ਦੇ ਸਮੁੱਚੇ ਸਿੱਖ ਭਾਈਚਾਰੇ ਅਤੇ ਖ਼ਾਸ ਤੌਰ ‘ਤੇ ਸ. ਹਰਜਿੰਦਰ ਸਿੰਘ ਦਾ ਇਸ ਵੱਡੇ ਉੱਦਮ ਤੇ ਪ੍ਰੋਗਰਾਮ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਯੂਟਾ ਸਟੇਟ ਵਿੱਚ ਪਹਿਲੀ ਵਾਰ ਸਿੱਖ ਕੌਮ ਦੇ ਕਿਸੇ ਦਿਨ ਨੂੰ ਮਾਨਤਾ ਮਿਲਣਾ ਬੜੀ ਖ਼ੁਸ਼ੀ ਦੀ ਗੱਲ ਹੈ ਅਤੇ ਇਸ ਨਾਲ ਸਿੱਖਾਂ ਨੂੰ ਆਉਣ ਵਾਲੇ ਸਮੇਂ ਵਿੱਚ ਲੋਕਲ ਸਿਆਸਤ ਵਿੱਚ ਸਰਗਰਮ ਹੋਣ ਦਾ ਮੌਕਾ ਮਿਲੇਗਾ।
ਵਰਲਡ ਸਿੱਖ ਪਾਰਲੀਮੈਂਟ ਦੇ ਸਪੀਕਰ ਸ. ਜੋਗਾ ਸਿੰਘ ਨੇ ਅਮਰੀਕਾ ਦੇ ਸਿੱਖਾਂ ਨੂੰ ਇੱਕ ਤੋਂ ਬਾਅਦ ਇੱਕ ਮਿਲੀ ਸਫ਼ਲਤਾ ਲਈ ਵਧਾਈ ਦਿੱਤੀ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾ. ਪ੍ਰਿਤਪਾਲ ਸਿੰਘ ਨੇ ਵਰਲਡ ਸਿੱਖ ਪਾਰਲੀਮੈਂਟ ਦੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਹਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ।