ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ ਦਿੱਲੀ ਕਮੇਟੀ ਵੱਲੋਂ ਵੱਡੇ ਪੱਧਰ ‘ਤੇ ਮਨਾਇਆ ਗਿਆ

ਨਵੀਂ ਦਿੱਲੀ, 6 ਅਗਸਤ – 8ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾ ਭਾਵਨਾ ਨਾਲ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਵਿਖੇ ਮਨਾਇਆ ਗਿਆ। ਮੁੱਖ ਸਮਾਗਮ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਆਯੋਜਿਤ ਕੀਤੇ ਗਏ। ਪ੍ਰਕਾਸ਼ ਪੁਰਬ ਤੋਂ ਪਹਿਲੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਰੋਵਰ ਕੰਡੇ ਹੋਏ ਸਮਾਗਮ ਵਿੱਚ ਹਜ਼ਾਰਾਂ ਸੰਗਤਾਂ ਨੇ ਗੁਰ ਚਰਣਾਂ ‘ਚ ਆਪਣਾ ਅਕੀਦਾ ਭੇਟ ਕੀਤਾ। ਇਸ ਮੌਕੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।
ਪ੍ਰਧਾਨ ਜੀ.ਕੇ. ਨੇ ਜੰਤਰ-ਮੰਤਰ ਵਿਖੇ ਆਉਣ ਵਾਲੇ ਮੁਜ਼ਾਹਰਾਕਾਰੀਆਂ ਨੂੰ ਗੁਰਦੁਆਰਾ ਬੰਗਲਾ ਸਾਹਿਬ ਵੱਲੋਂ ਮਿਲਦੇ ਸਹਿਯੋਗ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਵੱਲੋਂ ਬਾਂਹ ਪਕੜਨ ਦੇ ਤੌਰ ‘ਤੇ ਪਰਿਭਾਸ਼ਿਤ ਕੀਤਾ। ਪ੍ਰਧਾਨ ਜੀ.ਕੇ. ਨੇ ਕਿਹਾ ਕਿ ਬਾਲਾ ਸਾਹਿਬ ਹਸਪਤਾਲ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ‘ਤੇ ਗੁਰੂ ਸਾਹਿਬ ਦੀ ਕ੍ਰਿਪਾ ਲਈ ਅਸੀਂ ਅਰਦਾਸ ਕਰਦੇ ਹਾਂ। ਪ੍ਰਧਾਨ ਜੀ.ਕੇ. ਨੇ ਇਸ ਮਸਲੇ ‘ਤੇ ਵਿਰੋਧੀਆਂ ਦੀ ਕਾਰਗੁਜ਼ਾਰੀ ਦੀ ਪ੍ਰਿੱਥੀ ਚੰਦ ਅਤੇ ਰਾਮਰਾਇ ਦੀਆਂ ਪੰਥ ਵਿਰੋਧੀ ਹਰਕਤਾਂ ਨਾਲ ਤੁਲਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮੁਸ਼ਕਿਲ ਤੋਂ ਮੁਸ਼ਕਿਲ ਕਾਰਜ ਅਸੀਂ ਹੱਲ ਕੀਤੇ ਹਨ ਅਤੇ ਅੱਗੇ ਵੀ ਗੁਰੂ ਸਾਹਿਬ ਦੀ ਕ੍ਰਿਪਾ ਸਦਕਾ ਕਾਮਯਾਬੀ ਪ੍ਰਾਪਤ ਕਰਾਂਗੇ।
ਪ੍ਰਧਾਨ ਜੀ.ਕੇ. ਨੇ ਦਿੱਲੀ ਵਿਖੇ ਗੁਰੂ ਨਾਨਕ ਸਾਹਿਬ ਵੱਲੋਂ 500 ਸਾਲ ਪਹਿਲੇ ਸਥਾਪਿਤ ਕੀਤੇ ਗਏ ਪਿਆਊ ਦਾ ਜ਼ਿਕਰ ਕਰਦੇ ਹੋਏ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬਾਨਾਂ ਦੇ ਫ਼ਰਸ਼ ਨੂੰ ਵੱਡੀ ਪਾਣੀ ਦੀ ਪਾਈਪ ਨਾਲ ਦਿਨ ‘ਚ 4 ਵਾਰ ਧੋਣ ਨੂੰ ਗੁਰੂ ਸੋਚ ਦੇ ਉਲਟ ਦੱਸਿਆ। ਪ੍ਰਧਾਨ ਜੀ.ਕੇ. ਨੇ ਕਿਹਾ ਕਿ ਅਸੀਂ ਆਪਣਾ ਭਵਿੱਖ ਨਹੀਂ ਦੇਖਦੇ। ਗੁਰੂ ਨੇ ਸਾਡੇ ਲਈ ਪਾਣੀ ਵਾਸਤੇ ਖੂਹ ਬਣਾਏ ਪਰ ਅਸੀਂ ਕੁਦਰਤੀ ਸੋਮਿਆਂ ਨੂੰ ਨਿਪਟਾਉਣ ਵੱਲ ਤੁਰ ਪਏ ਹਾਂ।
ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਨੇ ਵੀ ਸੰਗਤਾਂ ਨੂੰ ਵਧਾਈ ਦਿੱਤੀ। ਵਾਤਾਵਰਨ ਦੀ ਰੱਖਿਆ ਲਈ ਕਾਰਜ ਕਰ ਰਹੀ ਈਕੋ ਸਿੱਖ ਇੰਟਰਨੈਸ਼ਨਲ ਜੱਥੇਬੰਦੀ ਵੱਲੋਂ ਦਿੱਲੀ ਕਮੇਟੀ ਨੂੰ ਵਾਤਾਵਰਨ ਦੀ ਰੱਖਿਆ ਲਈ ਕੀਤੇ ਜਾ ਰਹੇ ਕਾਰਜਾਂ ਲਈ ਪ੍ਰਮਾਣ-ਪੱਤਰ ਵੀ ਦਿੱਤਾ ਗਿਆ। ਸੰਸਥਾ ਵੱਲੋਂ ਗੁਰ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੇਸ਼-ਵਿਦੇਸ਼ ਦੇ ਸ਼ਹਿਰਾਂ ‘ਚ 550 ਬੂਟਿਆਂ ਦੀ ਇਕਾਈ ਵਜੋਂ 10 ਲੱਖ ਬੂਟੇ ਲਾਉਣ ਦਾ ਐਲਾਨ ਕਰਦੇ ਹੋਏ ਇਸ ਸਬੰਧੀ ਇਕ ਪੋਸਟਰ ਵੀ ਜਾਰੀ ਕੀਤਾ ਗਿਆ। ਚੰਗੇ ਨੰਬਰ ਲਿਆਉਣ ਵਾਲੇ ਖਾਲਸਾ ਸਕੂਲਾਂ ਦੇ ਬੱਚਿਆਂ ਨੂੰ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਸੇਵਾ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਵੱਲੋਂ ਨਿਭਾਈ ਗਈ।