ਗੋਲੀਬਾਰੀ ਦੇ ਪੀੜ੍ਹਤ ਪਰਿਵਾਰਾਂ ਨੂੰ ਮਿਲੀ ਨਿਰੂਪਮਾ

ਵਾਸ਼ਿੰਗਟਨ, 8 ਅਗਸਤ (ਏਜੰਸੀ) – ਭਾਰਤੀ ਰਾਜਦੂਤ ਨਿਰੂਪਮਾ ਰਾਓ ਨੇ ਵਿਸਕੋਨਿਸਨ ਦੇ ਓਕ ਕ੍ਰੀਕ ਗੁਰਦੁਆਰੇ ਵਿੱਚ ਹੋਈ ਗੋਲੀਬਾਰੀ ਦੇ ਪੀੜ੍ਹਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਪੂਰੀ ਮਦਦ ਦੇਣ ਦਾ ਭਰੋਸਾ ਦਿੱਤਾ। ਨਿਰੂਪਮਾ ਓਕ ਕ੍ਰੀਕ ਦੇ ਪੀੜ੍ਹਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਓਕ ਕ੍ਰੀਕ ਦੇ ਮੇਅਰ ਸਟੀਵ ਸਕਾਫ਼ਿਦੀ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਐਫ਼. ਬੀ. ਆਈ. ਅਤੇ ਸਥਾਨਕ ਪੁਲਿਸ ਦੇ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਭਾਰਤੀ ਰਾਜਦੂ ਨੂੰ ਦੱਸਿਆ ਕਿ ਇਹ ਘਟਨਾ ਕਿਵੇਂ ਹੋਈ ਅਤੇ ਹੁਣ ਸਿੱਖ ਭਾਈਚਾਰੇ ਦੇ ਲੋਕਾਂ ਦੀ ਸੁਰੱਖਿਆ ਲਈ ਕੀ ਕਦਮ ਚੁੱਕੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਮੰਗਲਵਾਰ ਸ਼ਾਮ ਇਥੇ ਕੱਢੇ ਗਏ ਕੈਂਡਲ ਮਾਰਚ ਵਿੱਚ ਵੀ ਨਿਰੂਪਮਾ ਸ਼ਾਮਲ ਹੋਈ। ਕੈਂਡਲ ਮਾਰਚ ਇਸ ਘਟਨਾ ਵਿੱਚ ਮਾਰੇ ਗਏ ਲੋਕਾਂ ਦੇ ਸਨਮਾਨ ਵਿੱਚ ਕੱਢਿਆ ਗਿਆ ਸੀ। ਨਿਰੂਪਮਾ ਇਥੇ ਗੁਰਦੁਆਰੇ ਦੇ ਮੁਖੀ ਸਵ. ਸਤਵੰਤ ਸਿੰਘ ਕਾਲੇਕਾ ਸਮੇਤ ਸਾਰੇ ਪੀੜ੍ਹਤ ਪਰਿਵਾਰਾਂ ਦੇ ਰਿਸ਼ਤੇਦਾਰਾਂ ਨੂੰ ਮਿਲੀ। ਕਾਲੇਕਾ ਨੇ ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਲੋਕਾਂ ਦੀ ਜਾਨ ਬਚਾਉਂਦੇ ਹੋਏ ਉਸ ਦੀ ਮੌਤ ਹੋ ਗਈ ਸੀ। ਗੋਲੀਬਾਰੀ ਦੀ ਘਟਨਾ ਵਿੱਚ ਹਮਲਾਵਰ ਸਮੇਤ ੭ ਲੋਕਾਂ ਮਾਰੇ ਗਏ ਸਨ।