ਚੈਂਪੀਅਨਜ਼ ਟਰਾਫ਼ੀ : ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਸੈਮੀ ਫਾਈਨਲ ‘ਚ ਥਾਂ ਬਣਾਈ

ਕਾਰਡਿਫ, 6 ਜੂਨ – ਇੱਥੇ ਆਈਸੀਸੀ ਚੈਂਪੀਅਨਜ਼ ਟਰਾਫ਼ੀ ਗਰੁੱਪ ‘ਏ’ ਦੇ ਮੈਚ ਵਿੱਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 87 ਦੌੜਾਂ ਨਾਲ ਹਰਾ ਦਿੱਤਾ। ਟੂਰਨਾਮੈਂਟ ਵਿੱਚ ਇੰਗਲੈਂਡ ਦੀ ਲਗਾਤਾਰ ਦੂਜੀ ਜਿੱਤ ਹੈ ਤੇ ਉਸ ਦੇ ਹੁਣ ਤੱਕ 2 ਅੰਕ ਹਨ। ਜਦੋਂ ਕਿ ਨਿਊਜ਼ੀਲੈਂਡ ਦੇ 2 ਮੈਚਾਂ ਵਿੱਚ 1 ਅੰਕ ਹੈ ਕਿਉਂਕਿ ਆਸਟਰੇਲੀਆ ਨਾਲ ਹੋਇਆ ਮੈਚ ਮਹੀਂ ਕਰਕੇ ਰੱਦ ਹੋ ਗਿਆ ਸੀ ਤੇ ਦੋਵਾਂ ਟੀਮਾਂ ਨੂੰ 1-1 ਅੰਕ ਮਿਲਿਆ ਸੀ। ਗੌਰਤਲਬ ਹੈ ਕਿ ਇਸ ਜਿੱਤ ਦੇ ਨਾਲ ਮੇਜ਼ਬਾਨ ਇੰਗਲੈਂਡ ਚੈਂਪੀਅਨਜ਼ ਟਰਾਫ਼ੀ ਦੇ ਸੈਮੀ ਫਾਈਨਲ ਵਿੱਚ ਪੁੱਜਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।
ਕੀਵੀ ਕਪਤਾਨ ਕੇਨ ਵਿਲਿਅਮਸਨ ਨੇ ਟਾੱਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਇੰਗਲੈਂਡ ਨੂੰ ਬੱਲੇਬਾਜ਼ੀ ਕਰਨ ਲਈ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ 49.3 ਓਵਰਾਂ ਵਿੱਚ 310 ਦੌੜਾਂ ਬਣਾਈਆਂ ਅਤੇ ਨਿਊਜ਼ੀਲੈਂਡ ਨੂੰ 311 ਦੌੜਾਂ ਦਾ ਟੀਚਾ ਦਿੱਤਾ, ਜਿਸ ਨੂੰ ਹਾਸਲ ਕਰਨ ਲਈ ਉੱਤਰੀ ਨਿਊਜ਼ੀਲੈਂਡ ਦੀ ਪੂਰੀ ਟੀਮ 44.3 ਓਵਰਾਂ ਵਿੱਚ 223 ਦੌੜਾਂ ਉੱਤੇ ਹੀ ਢੇਰੀ ਹੋ ਗਈ। ਕੀਵੀ ਕਪਤਾਨ ਵੱਲੋਂ ਬਣਾਈਆਂ 87 ਦੌੜਾਂ ਕੋਈ ਕੰਮ ਨਹੀਂ ਆਈਆਂ। ਇੰਗਲੈਂਡ ਦੇ ਗੇਂਦਬਾਜ਼ਾਂ ਨੇ ਚੰਗੀ ਗੇਂਦਬਾਜ਼ੀ ਕਰਕੇ ਕੀਵੀ ਟੀਮ ਦੇ ਪੈਰ ਨਹੀਂ ਲੱਗਣ ਦਿੱਤੇ। ਇੰਗਲੈਂਡ ਵੱਲੋਂ ਗੇਂਦਬਾਜ਼ ਲਿਆਮ ਪਲੈਂਕਿਟ ਨੇ 4, ਆਦਿਲ ਰਾਸ਼ਿਦ ਨੇ 2 ਅਤੇ ਅਤੇ ਜੈਕ ਬਾਲ ਨੇ 2 ਵਿਕਟਾਂ ਹਾਸਲ ਕੀਤੀਆਂ।