ਚੰਡੀਗੜ੍ਹ ਦੀ ਹਰਨਾਜ਼ ਸੰਧੂ ਸਿਰ ਸਜਿਆ ‘ਮਿਸ ਯੂਨੀਵਰਸ 2021’ ਦਾ ਤਾਜ, ਭਾਰਤ ਨੂੰ 21 ਸਾਲਾਂ ਬਾਅਦ ਦੁਆਇਆ ਖ਼ਿਤਾਬ

ਯੈਰੂਸ਼ਲੱਮ, 13 ਦਸੰਬਰ – ਚੰਡੀਗੜ੍ਹ ਦੀ ਅਦਾਕਾਰਾ ਤੇ ਮਾਡਲ ਹਰਨਾਜ਼ ਕੌਰ ਸੰਧੂ ਨੇ ‘ਮਿਸ ਯੂਨੀਵਰਸ 2021’ ਦਾ ਖ਼ਿਤਾਬ ਜਿੱਤ ਕੇ ਇਤਿਹਾਸ ਸਿਰਜ ਦਿੱਤਾ। ਇਸ ਮੁਕਾਬਲੇ ਵਿੱਚ 80 ਦੇਸ਼ਾਂ ਦੀਆਂ ਪ੍ਰਤੀਭਾਗੀਆਂ ਨੇ ਹਿੱਸਾ ਲਿਆ ਅਤੇ ਹਰਨਾਜ਼ ਸੰਧੂ ਨੇ ਭਾਰਤ ਨੂੰ 21 ਸਾਲਾਂ ਬਾਅਦ ਇਸ ਮੁਕਾਬਲੇ ਵਿੱਚ ਜਿੱਤ ਦੁਆਈ। ਸੰਧੂ ਤੋਂ ਪਹਿਲਾਂ ਸਿਰਫ਼ ਦੋ ਭਾਰਤੀ ਮਹਿਲਾਵਾਂ ਨੇ ‘ਮਿਸ ਯੂਨੀਵਰਸ’ ਦਾ ਖ਼ਿਤਾਬ ਜਿੱਤਿਆ ਹੈ। ਅਦਾਕਾਰਾ ਸੁਸ਼ਮਿਤਾ ਸੈਨ ਨੂੰ 1994 ‘ਚ ਅਤੇ ਲਾਰਾ ਦੱਸਾ ਨੂੰ 2000 ਵਿੱਚ ਇਹ ਤਾਜ ਪਹਿਨਾਇਆ ਗਿਆ ਸੀ।
ਇਜ਼ਰਾਈਲ ਦੇ ਈਲਾਤ ਵਿਖੇ ਇੰਟਰਨੈਸ਼ਨਲ ਸੁੰਦਰਤਾ ਮੁਕਾਬਲੇ ਦਾ ਇਹ 70ਵਾਂ ਐਡੀਸ਼ਨ ਕਰਵਾਇਆ ਗਿਆ, ਜਿਸ ਵਿੱਚ 21 ਸਾਲਾ ਸੰਧੂ ਨੂੰ ਸਫ਼ਲਤਾ ਮਿਲੀ। ਚੰਡੀਗੜ੍ਹ ਦੀ ਮਾਡਲ ਸੰਧੂ ਲੋਕ ਪ੍ਰਸ਼ਾਸਨ ਵਿਸ਼ੇ ਵਿੱਚ ਪੋਸਟ ਗਰੈਜੂਏਸ਼ਨ ਕਰ ਰਹੀ ਹੈ। ਉਸ ਨੂੰ ਇਹ ਤਾਜ ਇਸ ਮੁਕਾਬਲੇ ਦੀ 2020 ਦੀ ਜੇਤੂ ਮੈਕਸੀਕੋ ਦੀ ਐਂਡਰੀਆ ਮੇਜ਼ਾ ਨੇ ਪਹਿਨਾਇਆ। ਪੈਰਾਗੁਏ ਦੀ ਨਾਡੀਆ ਫੈਰੇਰਾ (22) ਦੂਜੇ ਸਥਾਨ ‘ਤੇ ਰਹੀ ਜਦੋਂ ਕਿ ਦੱਖਣੀ ਅਫ਼ਰੀਕਾ ਦੀ ਲਾਲੇਲਾ ਮਸਵਾਨੇ (24) ਤੀਜੇ ਸਥਾਨ ‘ਤੇ ਰਹੀ।
‘ਮਿਸ ਯੂਨੀਵਰਸ 2021’ ਦਾ ਖ਼ਿਤਾਬ ਜਿੱਤਣ ਮਗਰੋਂ ਹਰਨਾਜ਼ ਸੰਧੂ ਨੇ ਕਿਹਾ, “ਮੈਂ ਰੱਬ, ਮਾਤਾ-ਪਿਤਾ ਅਤੇ ਮਿਸ ਇੰਡੀਆ ਆਰਗੇਨਾਈਜ਼ੇਸ਼ਨ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇਸ ਸਾਰੇ ਸਫ਼ਰ ਵਿੱਚ ਮੇਰਾ ਮਾਰਗ-ਦਰਸ਼ਨ ਕੀਤਾ ਅਤੇ ਮੇਰੀ ਮਦਦ ਕੀਤੀ। ਮੇਰੀ ਜਿੱਤ ਦੀ ਕਾਮਨਾ ਅਤੇ ਅਰਦਾਸ ਕਰਨ ਵਾਲੇ ਸਾਰੇ ਲੋਕਾਂ ਨੂੰ ਖ਼ੂਬ ਸਾਰਾ ਪਿਆਰ। 21 ਸਾਲਾਂ ਬਾਅਦ ਇਸ ਮਾਣਮੱਤੇ ਤਾਜ ਨੂੰ ਭਾਰਤ ਲਿਆਉਣਾ ਮਾਣ ਵਾਲੇ ਪਲ ਹਨ”।
ਇਸ ਮੁਕਾਬਲੇ ਵਿੱਚ ਆਖ਼ਰੀ ਸਵਾਲ-ਜਵਾਬ ਗੇੜ ਵਿੱਚ ਸੰਧੂ ਤੋਂ ਪੁੱਛਿਆ ਗਿਆ ਸੀ ਕਿ ਮੌਜੂਦਾ ਸਮੇਂ ਵਿੱਚ ਮੁਟਿਆਰਾਂ ਜੋ ਦਬਾਅ ਮਹਿਸੂਸ ਕਰ ਰਹੀਆਂ ਹਨ, ਉਸ ਤੋਂ ਨਿਪਟਣ ਲਈ ਉਹ ਉਨ੍ਹਾਂ ਨੂੰ ਕੀ ਸਲਾਹ ਦੇਵੇਗੀ। ਇਸ ‘ਤੇ ਉਸ ਦਾ ਜਵਾਬ ਸੀ, “ਮੌਜੂਦਾ ਸਮੇਂ ਵਿੱਚ ਨੌਜਵਾਨ ਜਿਸ ਵੱਡੇ ਦਬਾਅ ਦਾ ਸਾਹਮਣਾ ਕਰ ਰਹੇ ਹਨ ਉਹ ਹੈ ਖ਼ੁਦ ‘ਤੇ ਵਿਸ਼ਵਾਸ ਕਰਨਾ। ਇਹ ਜਾਣਨਾ ਕਿ ਤੁਸੀਂ ਵਿਲੱਖਣ ਹੋ ਅਤੇ ਇਹੀ ਤੁਹਾਨੂੰ ਸੁੰਦਰ ਬਣਾਉਂਦਾ ਹੈ। ਦੂਜਿਆਂ ਨਾਲ ਖ਼ੁਦ ਦੀ ਤੁਲਨਾ ਕਰਨਾ ਬੰਦ ਕਰੋ ਅਤੇ ਦੁਨੀਆ ਭਰ ਵਿੱਚ ਹੋ ਰਹੀਆਂ ਅਹਿਮ ਚੀਜ਼ਾਂ ਬਾਰੇ ਗੱਲ ਕਰੋ। ਇਹੀ ਤੁਹਾਨੂੰ ਸਮਝਣ ਦੀ ਲੋੜ ਹੈ। ਬਾਹਰ ਆਓ ਅਤੇ ਖ਼ੁਦ ਵਾਸਤੇ ਗੱਲ ਕਰੋ ਕਿਉਂਕਿ ਤੁਸੀਂ ਹੀ ਆਪਣੀ ਜ਼ਿੰਦਗੀ ਦੇ ਆਗੂ ਹੋ। ਤੁਸੀਂ ਖ਼ੁਦ ਦੀ ਆਵਾਜ਼ ਹੋ। ਮੈਂ ਖ਼ੁਦ ‘ਤੇ ਭਰੋਸਾ ਕੀਤਾ ਇਸ ਵਾਸਤੇ ਅੱਜ ਮੈਂ ਇੱਥੇ ਖੜ੍ਹੀ ਹਾਂ”। ਸੰਧੂ ਦੇ ਇਸ ਜਵਾਬ ‘ਤੇ ਤਾੜੀਆਂ ਵੱਜੀਆਂ।
ਹਰਨਾਜ਼ ਸੰਧੂ ਨੇ ਸੁੰਦਰਤਾ ਦੇ ਖੇਤਰ ਵਿੱਚ ਆਪਣੇ ਸਫ਼ਰ ਦੀ ਸ਼ੁਰੂਆਤ 2017 ਵਿੱਚ ਕੀਤੀ ਸੀ ਜਦੋਂ ਉਸ ਨੇ ‘ਟਾਈਮਜ਼ ਫਰੈੱਸ਼ ਫੇਸ’ ਦਾ ਖ਼ਿਤਾਬ ਜਿੱਤਿਆ ਸੀ। ਉਹ 17 ਸਾਲ ਦੀ ਉਮਰ ਵਿੱਚ ਚੰਡੀਗੜ੍ਹ ਦੀ ਨੁਮਾਇੰਦਗੀ ਕਰ ਰਹੀ ਸੀ। ਬਾਅਦ ਵਿੱਚ ਉਸ ਨੇ ‘ਲਿਵਾ ਮਿਸ ਦਿਵਾ ਯੂਨੀਵਰਸ 2021’ ਦਾ ਖ਼ਿਤਾਬ ਜਿੱਤਿਆ। ਉਹ ‘ਯਾਰਾਂ ਦੀਆਂ ਪੋਅ ਬਾਰ੍ਹਾਂ’ ਅਤੇ ‘ਬਾਈ ਜੀ ਕੁੱਟਣਗੇ’ ਵਰਗੀਆਂ ਕੁੱਝ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਹੈ। ਇਸ ਸਮਾਰੋਹ ਦੀ ਮੇਜ਼ਬਾਨੀ ਸਟੀਵ ਹਾਰਵੀ ਕਰ ਰਹੇ ਸਨ ਅਤੇ ਅਮਰੀਕਾ ਦੀ ਗਾਇਕਾ ਜੋ ਜੋ ਨੇ ਇਸ ਦੌਰਾਨ ਪੇਸ਼ਕਾਰੀ ਦਿੱਤੀ। ਚੋਣ ਕਮੇਟੀ ਵਿੱਚ ਅਦਾਕਾਰਾ ਤੇ ਮਿਸ ਯੂਨੀਵਰਸ ਇੰਡੀਆ 2015 ਦੀ ਜੇਤੂ ਉਰਵਸ਼ੀ ਰੌਤੇਲਾ, ਅਦਾਮਾਰੀ ਲੋਪੇਜ਼, ਐਡਰੀਆਨਾ ਲਿਮਾ, ਚੈਸਲੀ ਕ੍ਰਿਸਟ, ਆਇਰਿਸ਼ ਮਿਟੇਨਾਏਰਾ, ਲੋਰੀ ਹਾਰਵੀ, ਮਾਰੀਅਨ ਰਿਵੇਰਾ ਅਤੇ ਰੈਨਾ ਸੋਫਰ ਸ਼ਾਮਲ ਸਨ।