ਚੰਦਰਯਾਨ-2 ਮਿਸ਼ਨ ‘ਚ ਭਾਰਤ ਇਤਿਹਾਸ ਸਿਰਜਣ ਤੋਂ ਰਿਹਾ ਨਾਕਾਮ

ਬੰਗਲੂਰੂ – ਚੰਦਰਯਾਨ-2 ਦੀ ਚੰਦਰਮਾ ਦੇ ਦੱਖਣੀ ਧੁਰੇ ‘ਤੇ ‘ਸੌਫ਼ਟ ਲੈਂਡਿੰਗ’ ਨਾ ਹੋ ਸਕੀ, ਕਿਉਂਕਿ ਆਖ਼ਰੀ ਮੌਕੇ ਲੈਂਡਰ ਵਿੱਚ ਤਕਨੀਕੀ ਨੁਕਸ ਪੈਣ ਨਾਲ ਇਸ ਦਾ ਬੰਗਲੁਰੂ ਵਿਚਲੇ ਖੋਜ ਕੇਂਦਰ ਨਾਲੋਂ ਸੰਪਰਕ ਟੁੱਟ ਗਿਆ। ਇਸਰੋ ਦੇ ਚੇਅਰਮੈਨ ਕੇ. ਸ਼ਿਵਨ ਨੇ ਕਿਹਾ ਕਿ ਯੋਜਨਾ ਮੁਤਾਬਿਕ ਪੜਾਅ ਵਾਰ ਸਭ ਕੁੱਝ ਠੀਕ ਚੱਲ ਰਿਹਾ ਸੀ ਕਿ ਚੰਦਰਮਾ ਦੀ ਸਤਹਿ ਤੋਂ ਮਹਿਜ਼ 2.1 ਕਿੱਲੋਮੀਟਰ ਦੂਰੀ ‘ਤੇ ਉਨ੍ਹਾਂ ਦਾ ਵਿਕਰਮ ਲੈਂਡਰ ਨਾਲੋਂ ਸੰਪਰਕ ਟੁੱਟ ਗਿਆ। ਇਸਰੋ ਵਿਗਿਆਨੀਆਂ ਨੇ ਲੈਂਡਿੰਗ ਦੇ ਆਖ਼ਰੀ 15 ਮਿੰਟਾਂ ਨੂੰ ਦਹਿਸ਼ਤੀ ਕਰਾਰ ਦਿੱਤਾ ਸੀ। ਲੈਂਡਰ ਨੇ ਇਸ ਪੜਾਅ ਨੂੰ ਸ਼ੁਰੂ ‘ਚ ਤਾਂ ਸੌਖਿਆਂ ਹੀ ਪਾਰ ਕਰ ਲਿਆ ਪਰ ਆਖ਼ਰੀ ਪਲਾਂ ‘ਚ ਇਸ ਦਾ ਸੰਪਰਕ ਟੁੱਟ ਗਿਆ। ਇਸ ਤੋਂ ਪਹਿਲਾਂ ਇਸਰੋ ਸਮੇਤ ਪੂਰੇ ਦੇਸ਼ ਨੂੰ ਲੈਂਡਰ ਵਿਕਰਮ ਦੇ ਧਰਤੀ ਦੀ ਸਤਹਿ ‘ਤੇ ਉੱਤਰਨ ਵਾਲੇ ਪਲ ਦੀ ਲੰਮੇ ਸਮੇਂ ਤੋਂ ਉਡੀਕ ਸੀ।
‘ਵਿਕਰਮ’ ਲੈਂਡਰ ਦੇ 7 ਸਤੰਬਰ ਸ਼ਨੀਵਾਰ ਵੱਡੇ ਤੜਕੇ ਡੇਢ ਤੋਂ ਢਾਈ ਵਜੇ ਦੇ ਦਰਮਿਆਨ ਚੰਦਰਮਾ ਦੀ ਸਤਹਿ ‘ਤੇ ਉੱਤਰਨ ਦੀ ਸੰਭਾਵਨਾ ਸੀ। ਜਦੋਂ ਕਿ ਰੋਵਰ ‘ਪ੍ਰਗਿਆਨ’ ਨੇ ਮਿੱਥੇ ਮੁਤਾਬਿਕ ਵਿਕਰਮ ਦੀ ਲੈਂਡਿੰਗ ਤੋਂ ਲਗਭਗ ਤਿੰਨ ਘੰਟੇ ਮਗਰੋਂ ਸਵੇਰੇ ਸਾਢੇ ਪੰਜ ਵਜੇ ਤੋਂ ਸਾਢੇ ਛੇ ਵਜੇ ਵਿਚਾਲੇ ਲੈਂਡਰ ‘ਚੋਂ ਬਾਹਰ ਨਿਕਲਣਾ ਸੀ। ਇਸ ਸੌਫ਼ਟ ਲੈਂਡਿੰਗ ਨੂੰ ਦੂਰਦਰਸ਼ਨ, ਇਸਰੋ ਦੀ ਵੈੱਬਸਾਈਟ ‘ਤੇ ਵੈੱਬਕਾਸਟ ਅਤੇ ਯੂ-ਟਿਊਬ, ਫੇਸਬੁੱਕ ਤੇ ਟਵਿੱਟਰ ‘ਤੇ ਲਾਈਵ ਵਿਖਾਉਣ ਦੇ ਪ੍ਰਬੰਧ ਕੀਤੇ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਨਲਾਈਨ ਕੁਇਜ਼ ਦੇ ਦਰਜਨਾਂ ਜੇਤੂ ਵਿਦਿਆਰਥੀਆਂ, ਪੱਤਰਕਾਰ ਭਾਈਚਾਰੇ ਦੇ ਇਕ ਵੱਡੇ ਸਮੂਹ ਵੱਲੋਂ ਲੈਂਡਰ ‘ਵਿਕਰਮ’ ਦੇ ਚੰਦਰਮਾ ਦੀ ਸਤਹਿ ਵੱਲ ਆਖ਼ਰੀ ਸਫ਼ਰ ਨੂੰ ਇਸਰੋ ਦੇ ਟੈਲੀਮੈਟਰੀ ਟਰੈਕਿੰਗ ਤੇ ਕਮਾਂਡ ਨੈੱਟਵਰਕ (ਆਈਐੱਸਟੀਆਰਏਸੀ) ਰਾਹੀਂ ਅੱਖੀਂ ਵੇਖਿਆ।
1471 ਕਿੱਲੋ ਵਜ਼ਨੀ ‘ਵਿਕਰਮ’ ਦਾ ਨਾਂ ਭਾਰਤ ਦੇ ਪੁਲਾੜ ਪ੍ਰੋਗਰਾਮ ਦੇ ਪਿਤਾਮਾ ਡਾ. ਵਿਕਰਮ ਏ. ਸਾਰਾਭਾਈ ਦੇ ਨਾਂ ‘ਤੇ ਰੱਖਿਆ ਗਿਆ ਸੀ। ਜੇਕਰ ਭਾਰਤ ਦਾ ਇਹ ਮਿਸ਼ਨ ਸਫ਼ਲ ਰਹਿੰਦਾ ਹੈ ਤਾਂ ਉਹ ਰੂਸ, ਅਮਰੀਕਾ ਤੇ ਚੀਨ ਮਗਰੋਂ ਅਜਿਹਾ ਕਰਨ ਵਾਲਾ ਚੌਥਾ ਮੁਲਕ ਬਣ ਜਾਵੇਗਾ।