ਜਨਤਾ ਦਲ (ਯੂ) ਦੇ ਸਾਬਕਾ ਪ੍ਰਧਾਨ ਸ਼ਰਦ ਯਾਦਵ ਦਾ ਦੇਹਾਂਤ

ਨਵੀਂ ਦਿੱਲੀ, 13 ਜਨਵਰੀ – ਜਨਤਾ ਦਲ (ਯੂ) ਦੇ ਸਾਬਕਾ ਪ੍ਰਧਾਨ ਸ਼ਰਦ ਯਾਦਵ ਨੇ 12 ਜਨਵਰੀ ਦਿਨ ਵੀਰਵਾਰ ਨੂੰ ਗੁਰੂਗ੍ਰਾਮ ਦੇ ਫੋਰਟਿਸ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ। ਉਹ 75 ਸਾਲਾਂ ਦੇ ਸਨ। ਉਨ੍ਹਾਂ ਦੀ ਧੀ ਸੁਭਾਸ਼ਨੀ ਨੇ ਉਨ੍ਹਾਂ ਦੇ ਦੇਹਾਂਤ ਸਬੰਧੀ ਟਵੀਟ ਕਰਕੇ ਜਾਣਕਾਰੀ ਦਿੱਤੀ। ਉਸ ਨੇ ਟਵੀਟ ਕੀਤਾ, ”ਪਾਪਾ ਨਹੀਂ ਰਹੇ”। ਜਾਣਕਾਰੀ ਮੁਤਾਬਿਕ ਸ਼ਰਦ ਯਾਦਵ ਦੀ ਵੀਰਵਾਰ ਰਾਤ 10.19 ਵਜੇ ਫੋਰਟਿਸ ਹਸਪਤਾਲ ‘ਚ ਮੌਤ ਹੋ ਗਈ।
ਜੇਡੀਯੂ ਦੇ ਸਾਬਕਾ ਕੌਮੀ ਪ੍ਰਧਾਨ ਦੇ ਦੇਹਾਂਤ ਤੋਂ ਬਾਅਦ ਬਿਹਾਰ ਦੇ ਸਿਆਸੀ ਗਲਿਆਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ, ਉਨ੍ਹਾਂ ਦੀ ਮੌਤ ‘ਤੇ ਸਿਆਸੀ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਦੱਸ ਦੇਈਏ ਕਿ ਸ਼ਰਦ ਯਾਦਵ ਦੀ ਸਿਹਤ ਪਿਛਲੇ ਕਈ ਦਿਨਾਂ ਤੋਂ ਖ਼ਰਾਬ ਚੱਲ ਰਹੀ ਸੀ। ਖ਼ਬਰਾਂ ਸਨ ਕਿ ਵੀਰਵਾਰ ਦੇਰ ਸ਼ਾਮ ਉਨ੍ਹਾਂ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਫੋਰਟਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਸ਼ਰਦ ਯਾਦਵ ਚਾਰ ਵਾਰ ਮਧੇਪੁਰਾ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ। ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ ਦੋ ਵਾਰ ਸੰਸਦ ਮੈਂਬਰ ਚੁਣੇ ਗਏ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਬੁਡਾਉਨ ਤੋਂ ਵੀ ਸੰਸਦ ਮੈਂਬਰ ਚੁਣੇ ਗਏ ਸਨ। ਕਿਹਾ ਜਾ ਸਕਦਾ ਹੈ ਕਿ ਸ਼ਰਦ ਯਾਦਵ ਭਾਰਤ ਦੇ ਸ਼ਾਇਦ ਪਹਿਲੇ ਸਿਆਸਤਦਾਨ ਸਨ ਜੋ ਤਿੰਨ ਰਾਜਾਂ ਤੋਂ ਲੋਕ ਸਭਾ ਦੇ ਮੈਂਬਰ ਵਜੋਂ ਚੁਣੇ ਗਏ ਸਨ। ਸ਼ਰਦ ਯਾਦਵ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (NDA) ਦੇ ਕਨਵੀਨਰ ਸਨ। ਹਾਲਾਂਕਿ, ਉਨ੍ਹਾਂ ਨੇ 2013 ਵਿੱਚ ਕਨਵੀਨਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਜਦੋਂ ਉਨ੍ਹਾਂ ਦੀ ਪਾਰਟੀ ਐਨਡੀਏ ਤੋਂ ਵੱਖ ਹੋ ਗਈ ਸੀ।