ਜਲ੍ਹਿਆਂਵਾਲਾ ਬਾਗ਼ (ਅੰਮ੍ਰਿਤਸਰ) ਵਿੱਚ ਸ਼ਹੀਦ ਊਧਮ ਸਿੰਘ ਮਿਊਜ਼ੀਅਮ ਬਣਾਉਣ ਦੀ ਮੰਗ

ਨਿਊ ਯਾਰਕ, 6 ਅਗਸਤ (ਡਾ. ਚਰਨਜੀਤ ਸਿੰਘ ਗੁਮਟਾਲਾ) – ਸ਼ਹੀਦ ਊਧਮ ਸਿੰਘ ਸਭਾ ਆਫ਼ ਨਿਊ ਯਾਰਕ ਦੇ ਪ੍ਰਧਾਨ ਸ. ਜਸਵੰਤ ਸਿੰਘ ਜੱਸਾ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲ੍ਹਿਆਂਵਾਲਾ ਬਾਗ਼ (ਅੰਮ੍ਰਿਤਸਰ) ਵਿੱਚ ਸ਼ਹੀਦ ਊਧਮ ਸਿੰਘ ਮਿਊਜ਼ੀਅਮ ਬਣਾਇਆ ਜਾਵੇ ਤਾਂ ਜੋ ਇਸ ਸ਼ਹੀਦੀ ਸਮਾਰਕ ਵਿੱਚ ਆਉਂਦੇ ਸੈਲਾਨੀਆਂ ਨੂੰ ਇਹ ਜਾਣਕਾਰੀ ਮਿਲ ਸਕੇ ਕਿ ਕਿਵੇਂ ਸ਼ਹੀਦ ਊਧਮ ਸਿੰਘ ਨੇ ਸੱਤ ਸਮੁੰਦਰੋਂ ਪਾਰ ਬੇ-ਦੋਸ਼ਿਆਂ ਦੇ ਕਤਲੇਆਮ ਲਈ ਜ਼ੁੰਮੇਵਾਰ ਉਸ ਸਮੇਂ ਦੇ ਪੰਜਾਬ ਦੇ ਗਵਰਨਰ ਜਨਰਲ ਸਰ ਮਾਈਕਲ ਓਡਵਾਇਰ ਨੂੰ ਉਸ ਦੇ ਘਰ ਲੰਡਨ ਜਾ ਕੇ ਇਕ ਸਮਾਗਮ ਵਿੱਚ 13 ਮਾਰਚ 1940 ਨੂੰ ਜਾਨੋਂ ਮਾਰ ਮੁਕਾਇਆ ਤੇ ਇਸ ਦਾ ਬਦਲਾ ਲੈ ਕੇ ਸਿੱਖ ਇਤਿਹਾਸ ਨੂੰ ਮੁੜ ਦੁਹਰਾਇਆ। ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊ ਯਾਰਕ ਵਿੱਚ  ਸਭਾ ਵਲੋਂ ਮਨਾਏ ਸ਼ਹੀਦ ਊਧਮ ਸਿੰਘ ਦੇ 74 ਵੇਂ ਸ਼ਹੀਦੀ ਦਿਹਾੜੇ ਸਮੇਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਇਕ ਨਿਵੇਕਲੀ ਕਿਸਮ ਦੀ ਹੈ ਜਿਸ ਤੋਂ ਅਜੋਕੀ ਪੀੜੀ ਨੂੰ ਸੇਧ ਲੈਣ ਦੀ ਲੋੜ ਹੈ।
ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਮਾਸਕ ਪੱਤ੍ਰਿਕਾ ‘ਅੰਮ੍ਰਿਤਸਰ ਪੋਸਟ’ ਦੇ ਸੰਪਾਦਕ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸ਼ਹੀਦ ਊਧਮ ਸਿੰਘ ਵਲੋਂ  ਓਡਵਾਇਰ ਨੂੰ ਮਾਰਨ ਲਈ ਜੋ ਘਾਲਣਾਵਾਂ 21 ਸਾਲ ਘਾਲੀਆਂ, ਉਨ੍ਹਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸ਼ਹੀਦ ਊਧਮ ਸਿੰਘ ਨੇ ਅਫ਼ਰੀਕਾ, ਅਮਰੀਕਾ, ਅਫ਼ਗਾਨਿਸਤਾਨ, ਯੂਰਪ ਤੇ ਇੰਗਲੈਂਡ ਦਾ ਸਫ਼ਰ ਕੀਤਾ। ਅਮਰੀਕਾ ਜਾ ਕੇ ਗ਼ਦਰ ਪਾਰਟੀ ਲਈ ਕੰਮ ਕੀਤਾ। ਸੁਭਾਸ਼ ਚੰਦਰ ਬੋਸ ਤੇ ਸ਼ਹੀਦ ਭਗਤ ਸਿੰਘ, ਬੱਬਰ ਅਕਾਲੀਆਂ, ਡਾ. ਕਿਚਲੂ ਵਰਗੇ ਪ੍ਰਸਿੱਧ ਕਾਂਗਰਸੀ ਦੇਸ਼ ਭਗਤਾਂ ਨਾਲ ਨਿੱਜੀ ਸਬੰਧ ਬਣਾਏ। ਉਨ੍ਹਾਂ ਦੀ ਮੁਕੰਮਲ ਜੀਵਨੀ ਅਜੇ ਸਾਹਮਣੇ ਆਉਣੀ ਹੈ। ਡਾ. ਗੁਮਟਾਲਾ ਨੇ ਇਸ ਗਲ ‘ਤੇ ਜੋਰ ਦਿੱਤਾ ਕਿ ਭਾਰਤੀਆਂ ਨੇ ਅਜੇ ਅਮਰੀਕਾ, ਕੈਨੇਡਾ, ਇੰਗਲੈਂਡ ਵਰਗੀ ਆਜ਼ਾਦੀ ਪ੍ਰਾਪਤ ਕਰਨੀ ਹੈ, ਜਿਨ੍ਹਾਂ ਲਈ ਸ਼ਹੀਦ ਊਧਮ ਸਿੰਘ ਤੇ ਗ਼ਦਰੀ ਬਾਬਿਆਂ, ਆਜ਼ਾਦ ਹਿੰਦ ਫ਼ੌਜ ਤੇ ਹੋਰਨਾਂ ਨੇ ਆਪਣੀਆਂ ਜਾਨਾਂ ਵਾਰੀਆਂ।  ਭਾਰਤ ਵਿੱਚ ਅਜੇ ਵੀ 1872 ਦਾ ਅੰਗਰੇਜ਼ਾਂ ਦਾ ਬਣਾਇਆ ਪੁਲੀਸ ਕਾਨੂੰਨ ਲਾਗੂ ਹੈ। ਭਾਰਤੀ ਸੰਵਿਧਾਨ ਵਿੱਚ ਅਜੋਕੇ ਹਾਲਾਤ ਨੂੰ ਮੁਖ ਰਖ ਕੇ ਲੋੜੀਂਦੀਆਂ ਸੋਧਾਂ ਕਰਨ ਦੀ ਲੋੜ ਹੈ। ਰਿਸ਼ਵਤਖ਼ੋਰੀ ਅਤੇ ਡੰਡਾ ਪੁਲੀਸ ਤੋਂ ਭਾਰਤੀਆਂ ਨੂੰ ਮੁਕਤ ਕਰਵਾ ਕੇ ਇੰਗਲੈਂਡ, ਕੈਨੇਡਾ ਵਾਂਗ ਸਭ ਨੂੰ ਮੁਫ਼ਤ ਮਿਆਰੀ ਸਿਹਤ ਤੇ ਸਿਖਿਆ ਸੇਵਾਵਾਂ ਦੇਣ ਦੀ ਲੋੜ ਹੈ। ਰੁਜ਼ਗਾਰ ਦੀ ਗਰੰਟੀ ਵੀ ਹੋਣੀ ਚਾਹੀਦੀ ਹੈ। ਸਭਾ ਦੇ ਚੇਅਰਮੈਨ ਸ. ਸਵਿੰਦਰ ਸਿੰਘ ਜੋਸਨ ਨੇ ਸ਼ਹੀਦ ਊਧਮ ਸਿੰਘ ਦੇ ਰਾਜਨੀਤਕ ਪੱਖ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਆਪਣਾ ਨਾਂ ਰਾਮ ਮੁਹੰਮਦ ਸਿੰਘ ਆਜ਼ਾਦ ਰਖਣ ਦਾ ਇਕ ਵਿਸ਼ੇਸ਼ ਮੰਤਵ ਸੀ ਕਿ ਭਾਰਤ ਵਿੱਚ ਭਾਵੇਂ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ, ਪਰ ਉਹ ਤਾਂ ਹੀ ਆਜ਼ਾਦੀ ਪ੍ਰਾਪਤ ਕਰ ਸਕਦੇ ਹਨ ਜੇ ਉਹ ਸਾਰੇ ਇਕੱਠੇ ਹੋ ਕੇ ਸੰਘਰਸ਼ ਕਰਨਗੇ। ਡਾ. ਸਤਿਨਾਮ ਸਿੰਘ ਧਾਮੀ ਨੇ ਕਿਹਾ ਕਿ ਭਾਰਤ ਵਿੱਚ ਇਹੋ ਹੀ ਪੜ੍ਹਾਇਆ ਜਾ ਰਿਹਾ ਹੈ ਕਿ ਮਹਾਤਮਾ ਗਾਂਧੀ ਨੇ ਪੁਰ-ਅਮਨ ਤਰੀਕੇ ਨਾਲ ਦੇਸ਼ ਨੂੰ ਆਜ਼ਾਦ ਕਰਵਾਇਆ। ਇਹ ਸ਼ਹੀਦ ਊਧਮ ਸਿੰਘ, ਬਾਬਾ ਰਾਮ ਸਿੰਘ, ਗ਼ਦਰੀ ਬਾਬਿਆਂ, ਬੱਬਰ ਅਕਾਲੀਆਂ, ਆਜ਼ਾਦ ਹਿੰਦ ਫੌਜ ਤੇ ਹੋਰ ਦੇਸ਼ ਭਗਤਾਂ ਨਾਲ ਬੇਇਨਸਾਫ਼ੀ ਹੈ। ਇਸ ਲਈ ਸਕੂਲਾਂ, ਕਾਲਜਾਂ ਦੇ ਸਿਲੇਬਸ ਵਿੱਚ ਇਨ੍ਹਾਂ ਸ਼ਹੀਦਾਂ ਦੀਆਂ ਜੀਵਨੀਆਂ ਨੂੰ ਵੀ ਸ਼ਾਮਲ ਕਰਨ ਤੋਂ ਇਲਾਵਾ ਇਨ੍ਹਾਂ ਸਾਰੇ ਸ਼ਹੀਦਾਂ ਦੀਆਂ ਢੁਕਵੀਂਆਂ ਯਾਦਗਾਰਾਂ ਵੀ ਬਣਨੀਆਂ ਚਾਹੀਦੀਆਂ ਹਨ। ਇਸ ਮੌਕੇ ‘ਤੇ ਬਦੋਵਾਲ ਦੀਆਂ ਬੀਬੀਆਂ ਦੇ ਢਾਡੀ ਜਥੇ ਨੇ ਸ਼ਹੀਦ ਊਧਮ ਸਿੰਘ ਦੀਆਂ ਵਾਰਾਂ ਦਾ ਗਾਇਨ ਕੀਤਾ। ਡਾ. ਚਰਨਜੀਤ ਸਿੰਘ ਗੁਮਟਾਲਾ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਭਾਈ ਗੁਰਤਾਰ ਸਿੰਘ (ਹੁਸ਼ਿਆਰਪੁਰ ਵਾਲੇ) ਅਤੇ ਹਜ਼ੂਰੀ ਰਾਗੀ ਭਾਈ ਜਗਜੀਤ ਸਿੰਘ ਦੇ ਜਥਿਆਂ ਨੇ ਅਲਾਹੀ ਬਾਣੀ ਦਾ ਮਨੋਹਰ ਕੀਰਤਨ ਕੀਤਾ। ਕਥਾ ਵਾਚਕ ਗਿਆਨੀ ਅਮੋਲਕ ਸਿੰਘ ਅਤੇ ਭਾਈ ਮਲਕੀਤ ਸਿੰਘ ਕਰਨਾਲ ਵਾਲਿਆਂ ਨੇ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ ਨੇ ਅਰਦਾਸ ਕੀਤੀ ਤੇ ਹੁਕਮਨਾਮੇ ਦੀ ਵਿਆਖਿਆ ਕੀਤੀ। ਧੰਨਵਾਦ ਸਭਾ ਦੇ ਪ੍ਰਧਾਨ ਜਸਵੰਤ ਸਿੰਘ ਜੱਸਾ ਨੇ ਕੀਤਾ। ਫੋਟੋਗਰਾਫ਼ੀ ਦੀ ਸੇਵਾ ਠਾਕੁਰ ਸਟੂਡੀਓ ਨਿਊ ਯਾਰਕ ਨੇ ਕੀਤੀ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਗੁਰਦੁਆਰੇ ਦੇ ਪ੍ਰਧਾਨ ਗੁਰਦੇਵ ਸਿੰਘ ਕੰਗ, ਜਨਰਲ ਸਕੱਤਰ ਕੁਲਦੀਪ ਸਿੰਘ ਢਿੱਲੋਂ, ਸਾਬਕਾ ਪ੍ਰਧਾਨ ਅਵਤਾਰ ਸਿੰਘ ਪੰਨੂੰੰ, ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਬੋਪਾਰਾਏ, ਗੁਰਦੀਪ ਸਿੰਘ ਥਿੰਦ (ਫਿਲੌਰ), ਭਜਨ ਸਿੰਘ ਜੰਮੂ, ਸ਼ਹੀਦ ਊਧਮ ਸਿੰਘ ਸਭਾ ਦੇ ਅਹੁਦੇਦਾਰ ਤੇ ਮੈਂਬਰ ਜਿਨ੍ਹਾਂ ਵਿੱਚ ਜਗੀਰ ਸਿੰਘ, ਰਾਜਿੰਦਰ ਸਿੰਘ, ਪ੍ਰਮਜੀਤ ਸਿੰਘ ਜੋਸਨ, ਬਹਾਦਰ ਸਿੰਘ, ਬਲਬੀਰ ਸਿੰਘ, ਨਵਜੋਤ ਸਿੰਘ ਪੈਨਸਲਵੇਨੀਆ ਆਦਿ ਹਾਜ਼ਰ ਸਨ। ਇਸ ਮੌਕੇ ‘ਤੇ ਛਬੀਲ ਲਾਈ ਗਈ, ਜਿਸ ਦੀ ਸੇਵਾ ਸ. ਅਮਨਦੀਪ ਸਿੰਘ, ਬਹਾਦਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਕੀਤੀ। ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ।