ਜਿਨਸੀ ਸ਼ੋਸ਼ਣ ਮਾਮਲਾ: ਜੰਤਰ-ਮੰਤਰ ’ਤੇ ਧਰਨਾ ਲਾਈ ਬੈਠੇ ਪਹਿਲਵਾਨਾਂ ਦੇ ਹੱਕ ’ਚ ਆਏ ਖਿਡਾਰੀ ਤੇ ਫਿਲਮੀ ਹਸਤੀਆਂ

ਨਵੀਂ ਦਿੱਲੀ, 28 ਅਪ੍ਰੈਲ – ਓਲੰਪਿਕ ਸੋਨ ਤਗ਼ਮਾ ਜੇਤੂ ਅਭਿਨਵ ਬਿੰਦਰਾ ਅਤੇ ਨੀਰਜ ਚੋਪੜਾ, ਸਾਬਕਾ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਸਮੇਤ ਦੇਸ਼ ਦੇ ਚੋਟੀ ਦੇ ਖਿਡਾਰੀ ਜੰਤਰ-ਮੰਤਰ ’ਤੇ ਧਰਨਾ ਲਾਈ ਬੈਠੇ ਪਹਿਲਵਾਨਾਂ ਦੀ ਹਮਾਇਤ ਵਿੱਚ ਨਿੱਤਰ ਆਏ ਹਨ। ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਓਲੰਪੀਅਨ ਪਰਗਟ ਸਿੰਘ ਨੇ ਵੀ ਪਹਿਲਵਾਨਾਂ ਦੇ ਹੱਕ ’ਚ ਖੜ੍ਹਦਿਆਂ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀਟੀ ਊਸ਼ਾ ਵੱਲੋਂ ਕੀਤੀਆਂ ਟਿੱਪਣੀਆਂ ਦੀ ਨੁਕਤਾਚੀਨੀ ਕੀਤੀ ਹੈ।
ਉਧਰ ਫਿਲਮੀ ਅਦਾਕਾਰਾਂ ’ਚ ਸੋਨੂੰ ਸੂਦ, ਸਵਰਾ ਭਾਸਕਰ, ਫਿਲਮਸਾਜ਼ ਓਨਿਰ ਤੇ ਪ੍ਰਕਾਸ਼ ਰਾਜ ਸਣੇ ਹੋਰ ਫਿਲਮੀ ਹਸਤੀਆਂ ਪਹਿਲਵਾਨਾਂ ਦੇ ਹੱਕ ’ਚ ਡਟ ਗਈਆਂ ਹਨ। ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) 3 ਮਈ ਨੂੰ ਦੇਸ਼ ਭਰ ’ਚ ਪਹਿਲਵਾਨਾਂ ਦੀ ਹਮਾਇਤ ’ਚ ਰੋਸ ਮੁਜ਼ਾਹਰੇ ਕਰੇਗਾ। ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਵੀ ਅਧਿਕਾਰੀਆਂ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਦੇਸ਼ ਦੀ ਸਾਬਕਾ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਵੀ ਪਹਿਲਵਾਨਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ ਹੈ। ਸਾਨੀਆ ਨੇ ਟਵੀਟ ਕੀਤਾ, ‘‘ਸੜਕਾਂ ’ਤੇ ਉਤਰੇ ਇਨ੍ਹਾਂ ਭਲਵਾਨਾਂ ਨੇ ਕੌਮਾਂਤਰੀ ਪੱਧਰ ’ਤੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈੈ। ਹੁਣ ਇਨ੍ਹਾਂ ਨਾਲ ਖੜ੍ਹੇ ਹੋਣ ਦਾ ਸਮਾਂ ਆ ਗਿਆ ਹੈ।’’
ਤਿੰਨ ਵਾਰ ਦੇ ਵਿਧਾਇਕ ਪਰਗਟ ਸਿੰਘ ਨੇ ਕਿਹਾ, ‘‘ਕੋਈ ਵੀ ਉਦੋਂ ਤੱਕ ਸੜਕਾਂ ’ਤੇ ਨਹੀਂ ਉੱਤਰਦਾ ਜਦੋਂ ਤੱਕ ਪਾਣੀ ਸਿਰ ਤੋਂ ਲੰਘ ਨਾ ਜਾਵੇ।’’ ਸਾਬਕਾ ਕ੍ਰਿਕਟਰਾਂ ਵੀਰੇਂਦਰ ਸਹਿਵਾਗ, ਹਰਭਜਨ ਸਿੰਘ, ਨਵਜੋਤ ਸਿੰਘ ਸਿੱਧੂ, ਮਦਨ ਲਾਲ, ਇਰਫ਼ਾਨ ਪਠਾਨ, ਮਹਿਲਾ ਹਾਕੀ ਖਿਡਾਰਨ ਰਾਣੀ ਰਾਮਪਾਲ, ਮੁੱਕੇਬਾਜ਼ ਨਿਖ਼ਤ ਜ਼ਰੀਨ ਨੇ ਵੀ ਪਹਿਲਵਾਨਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ ਹੈ। ਇਸ ਦੌਰਾਨ ਸੋਨੂ ਸੂਦ, ਸਵਰਾ ਭਾਸਕਰ, ਪੂਜਾ ਭੱਟ, ਪ੍ਰਕਾਸ਼ ਰਾਜ, ਫ਼ਿਲਮਸਾਜ਼ ਓਨਿਰ ਸਣੇ ਫਿਲਮ ਜਗਤ ਦੀਆਂ ਹੋਰਨਾਂ ਹਸਤੀਆਂ ਨੇ ਵੀ ਜੰਤਰ ਮੰਤਰ ’ਤੇ ਡਟੇ ਪਹਿਲਵਾਨਾਂ ਦਾ ਸਮਰਥਨ ਕੀਤਾ ਹੈ। ਭਾਸਕਰ ਨੇ ਕਿਹਾ ਕਿ ਸਰਕਾਰ ਵੱਲੋਂ ਵਾਰ ਵਾਰ ਭਾਜਪਾ ਸੰਸਦ ਮੈਂਬਰ ਦੀ ਢਾਲ ਬਣਨਾ ਸ਼ਰਮਨਾਕ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਨਿੱਚਰਵਾਰ ਨੂੰ ਜੰਤਰ-ਮੰਤਰ ’ਤੇ ਧਰਨਾਕਾਰੀ ਪਹਿਲਵਾਨਾਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਅੱਜ ‘ਆਪ’ ਦੇ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਤੇ ਆਤਿਸ਼ੀ ਵੀ ਪਹਿਲਵਾਨਾਂ ਨੂੰ ਮਿਲੇ।