ਜੀਡੀਪੀ: ਸਤੰਬਰ ਤਿਮਾਹੀ ‘ਚ ਦੇਸ਼ ਦੀ ਆਰਥਿਕ ਗਤੀਵਿਧੀ ‘ਚ 0.3% ਦੀ ਗਿਰਾਵਟ ਆਈ

ਵੈਲਿੰਗਟਨ, 13 ਦਸੰਬਰ – ਸਟੈਟਸ ਐਨਜ਼ੈੱਡ ਦੇ ਅੰਕੜਿਆਂ ਅਨੁਸਾਰ ਨਿਰਮਾਣ ਖੇਤਰ ਵਿੱਚ ਮੰਦੀ ਦੇ ਕਾਰਣ ਸਤੰਬਰ ਤਿਮਾਹੀ ਵਿੱਚ ਨਿਊਜ਼ੀਲੈਂਡ ਦੀ ਆਰਥਿਕਤਾ ਸੁੰਗੜ ਗਈ।
13 ਦਸੰਬਰ ਦਿਨ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਨੇ ਦਿਖਾਇਆ ਹੈ ਕਿ 30 ਸਤੰਬਰ ਤੱਕ ਤਿੰਨ ਮਹੀਨਿਆਂ ਵਿੱਚ ਕੁੱਲ ਸਕਲ ਘਰੇਲੂ ਉਤਪਾਦ (ਜੀਡੀਪੀ) 0.3% ਘਟਿਆ ਹੈ। ਪਿਛਲੀ ਤਿਮਾਹੀ ਵਿੱਚ 0.5% ਦੇ ਵਾਧੇ ਤੋਂ ਬਾਅਦ ਗਿਰਾਵਟ ਆਈ ਹੈ।
ਸਟੈਟਸ ਐਨਜ਼ੈੱਡ ਨੈਸ਼ਨਲ ਅਕਾਊਂਟ ਇੰਡਸਟਰੀ ਐਂਡ ਪ੍ਰੋਡਕਸ਼ਨ ਦੇ ਸੀਨੀਅਰ ਮੈਨੇਜਰ ਰੁਵਾਨੀ ਰਤਨਾਇਕ ਨੇ ਕਿਹਾ ਕਿ ਗੁੱਡਸ ਉਤਪਾਦਨ ਵਿੱਚ ਗਿਰਾਵਟ ਦੇ ਕਾਰਣ ਸਤੰਬਰ ਤਿਮਾਹੀ ਵਿੱਚ ਸਾਰੀਆਂ ਵਸਤੂਆਂ ਦਾ ਉਤਪਾਦਨ ਕਰਨ ਵਾਲੇ ਉਦਯੋਗ ਗਿਰਾਵਟ ਵੱਲ ਸਨ। ਇਹ ਗਿਰਾਵਟ ਪੈਟਰੋਲੀਅਮ, ਰਸਾਇਣਿਕ, ਪਲਾਸਟਿਕ, ਰਬੜ ਨਿਰਮਾਣ, ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੇ ਨਿਰਮਾਣ ਦੁਆਰਾ ਪ੍ਰੇਰਿਤ ਸੀ।
ਉਨ੍ਹਾਂ ਕਿਹਾ ਕਿ ਟਰਾਂਸਪੋਰਟ, ਡਾਕ ਅਤੇ ਵੇਅਰਹਾਊਸਿੰਗ ਉਦਯੋਗਾਂ ਵਿੱਚ ਵੀ ਗਿਰਾਵਟ ਆਈ ਹੈ ਅਤੇ ਇਹ ਮੁੱਖ ਤੌਰ ‘ਤੇ ਮਾਲ ਢੋਆ-ਢੁਆਈ ਵਿੱਚ ਗਿਰਾਵਟ ਦੇ ਕਾਰਣ ਹੋਇਆ, ਇਸ ਤਿਮਾਹੀ ‘ਚ ਘੱਟ ਮਾਲ ਨਿਰਯਾਤ ਕੀਤਾ ਗਿਆ। ਅਰਥਸ਼ਾਸਤਰੀਆਂ ਨੇ ਵੀਰਵਾਰ ਦੇ ਅੰਕੜਿਆਂ ਬਾਰੇ ਮਿਸ਼ਰਤ ਭਵਿੱਖਬਾਣੀਆਂ ਕੀਤੀਆਂ ਸਨ, ਕੁੱਝ ਥੋੜ੍ਹਾ ਨਕਾਰਾਤਮਿਕ ਅਤੇ ਕੁੱਝ ਥੋੜ੍ਹਾ ਸਕਾਰਾਤਮਿਕ ਸਨ।
ਜੀਡੀਪੀ ‘ਚ ਸਮੁੱਚੀ ਗਿਰਾਵਟ ਦੇ ਬਾਵਜੂਦ ਸਤੰਬਰ ਤਿਮਾਹੀ ਵਿੱਚ 11 ਵਿੱਚੋਂ 8 ਸੇਵਾ ਉਦਯੋਗਾਂ ‘ਚ ਵਾਧਾ ਹੋਇਆ ਹੈ। ਸਭ ਤੋਂ ਮਜ਼ਬੂਤ ਵਾਧਾ ਹੈਲਥ ਕੇਅਰ ਐਂਡ ਸੋਸ਼ਲ ਅਸਿਸਟੈਂਟ, ਰੈਂਟਲ, ਹਾਇਰਿੰਗ ਅਤੇ ਰੀਅਲ ਅਸਟੇਟ ਸਰਵਿਸਿਜ਼ ਵਿੱਚ ਦੇਖਿਆ ਗਿਆ ਹੈ।
ਸਤੰਬਰ 2023 ਦੀ ਤਿਮਾਹੀ ‘ਚ ਜੀਡੀਪੀ ਦਾ ਖ਼ਰਚ ਮਾਪ 0.7% ਘਟਿਆ ਹੈ। ਟਿਕਾਊ ਵਸਤੂਆਂ ਦੇ ਕਾਰਣ ਘਰੇਲੂ ਖ਼ਰਚ ‘ਚ 0.6% ਦੀ ਗਿਰਾਵਟ ਆਈ। ਇਹ ਜੂਨ 2023 ਤਿਮਾਹੀ ‘ਚ ਵੱਧ ਖ਼ਰਚ ਤੋਂ ਬਾਅਦ ਮੋਟਰ ਵਾਹਨਾਂ ‘ਤੇ ਘੱਟ ਖ਼ਰਚ ਤੋਂ ਪ੍ਰੇਰਿਤ ਹੋਇਆ। ਇਹ ਸੰਭਾਵਿਤ ਤੌਰ ‘ਤੇ ਮੋਟਰ ਵਾਹਨਾਂ ‘ਤੇ ਲਾਗੂ ਫ਼ੀਸਾਂ ਅਤੇ ਛੋਟਾਂ ਵਿੱਚ ਤਬਦੀਲੀਆਂ ਨਾਲ ਜੁੜਿਆ ਹੋਇਆ ਸੀ, ਜੋ 1 ਜੁਲਾਈ ਨੂੰ ਪੇਸ਼ ਕੀਤਾ ਗਿਆ ਸੀ। ਟਰਾਂਸਪੋਰਟ ਸਾਜ਼ੋ-ਸਾਮਾਨ ਦੇ ਨਿਵੇਸ਼ ‘ਚ ਇਸ ਤਰ੍ਹਾਂ ਦੀ ਗਿਰਾਵਟ ਦੇਖੀ ਗਈ, ਜਿਸ ਨਾਲ ਨਿਵੇਸ਼ ਖ਼ਰਚ ‘ਚ ਗਿਰਾਵਟ ਆਈ।
ਸਤੰਬਰ ਤਿਮਾਹੀ ‘ਚ ਖ਼ੁਰਾਕ, ਬਾਲਣ ਅਤੇ ਖੇਤੀਬਾੜੀ, ਮੱਛੀ ਫੜਨ ਅਤੇ ਜੰਗਲਾਤ ਉਤਪਾਦਾਂ ਸਮੇਤ ਵਸਤੂਆਂ ਦੀ ਘੱਟ ਮਾਤਰਾ ਦੇ ਨਾਲ ਨਿਰਯਾਤ ‘ਚ ਵੀ ਗਿਰਾਵਟ ਆਈ। ਇਹ ਕੁੱਝ ਹੱਦ ਤੱਕ ਭਰਪਾਈ ਯਾਤਰਾ ਸੇਵਾਵਾਂ ਵਰਗੀਆਂ ਸੇਵਾਵਾਂ ਦੇ ਨਿਰਯਾਤ ਵਿੱਚ ਵਾਧੇ ਦੁਆਰਾ ਹੋਈ।