ਜੋਅ ਬਾਇਡੇਨ ਬਣੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ, ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਤਿਹਾਸ ਰਚਿਆ

ਸੈਕਰਾਮੈਂਟੋ, ਕੈਲੀਫੋਰਨੀਆ, 20 ਜਨਵਰੀ (ਹੁਸਨ ਲੜੋਆ ਬੰਗਾ) – ਅੱਜ ਅਮਰੀਕਾ ਦੀ ਡੈਮੋਕ੍ਰੇਟਿਕ ਪਾਰਟੀ ਦੇ ਜੋਅ ਬਾਇਡੇਨ ਨੇ ਵਾਸ਼ਿੰਗਟਨ, ਡੀ.ਸੀ. ਵਿੱਚ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਇਸ ਉਪਰੰਤ 58 ਸਾਲਾ ਕਮਲਾ ਹੈਰਿਸ ਨੇ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਕਮਲਾ ਹੈਰਿਸ ਨੇ ਇਸ ਅਹੁਦੇ ਲਈ ਸਹੁੰ ਚੁੱਕਣ ਵਾਲੀ ਪਹਿਲੀ ਮਹਿਲਾ, ਪਹਿਲੀ ਅਸ਼ਵੇਤ ਅਤੇ ਪਹਿਲੀ ਏਸ਼ੀਆਈ ਅਮਰੀਕਨ ਔਰਤ ਵਜੋਂ ਇਤਿਹਾਸ ਰਚਿਆ।
ਡੈਮੋਕਰੈਟਿਕ ਆਗੂ ਰਾਸ਼ਟਰਪਤੀ ਬਾਇਡੇਨ ਨੂੰ ਪ੍ਰਮੁੱਖ ਜਸਟਿਸ ਜੌਨ ਰੌਬਰਟਸ ਨੇ ਕੈਪੀਟਲ ਬਿਲਡਿੰਗ ਦੇ ‘ਵੈਸਟ ਫ਼ਰੰਟ’ ਵਿੱਚ ਅਹੁਦੇ ਦੀ ਸਹੁੰ ਚੁਕਾਈ। ਇਸ ਮੌਕੇ ਹਿੰਸਕ ਦੰਗਿਆਂ ਅਤੇ ਸੁਰੱਖਿਆ ਚਿੰਤਾਵਾਂ ਦੌਰਾਨ ਬਾਇਡਨ ਨੇ ਕਿਹਾ ਕਿ ਜਮਹੂਰੀਅਤ ਦੀ ਜਿੱਤ ਹੋਈ ਹੈ। ਆਪਣੇ ਉਦਘਾਟਨੀ ਭਾਸ਼ਣ ਵਿੱਚ ਜੋਅ ਬਾਇਡੇਨ ਨੇ ਏਕਤਾ ਰੱਖਣ ਲਈ ਕਿਹਾ। ਨਵੇਂ ਬਣੇ ਰਾਸ਼ਟਰਪਤੀ ਨੇ ਕਿਹਾ ਕਿ, “ਰਾਜਨੀਤੀ ਨੂੰ ਇਕ ਭੜਕੀ ਅੱਗ ਦੀ ਜ਼ਰੂਰਤ ਨਹੀਂ ਹੈ ਜੋ ਇਸ ਦੇ ਰਾਹ ਦੀ ਹਰ ਚੀਜ਼ ਨੂੰ ਨਸ਼ਟ ਕਰ ਦੇਵੇ”, “ਸਾਨੂੰ ਇਸ ਵਿਨਾਸ਼ ਵਾਲੇ ਯੁੱਧ ਨੂੰ ਖ਼ਤਮ ਕਰਨਾ ਚਾਹੀਦਾ ਹੈ”। ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਨਾਮਜ਼ਦ ਕੀਤੇ ਜੋਅ ਬਾਇਡੇਨ ਨੂੰ ਉਸ ਸਮੇਂ ਵਾਗਡੋਰ ਮਿਲ ਰਹੀ ਹੈ ਜਦੋਂ ਅਮਰੀਕਾ ਕਈ ਮਸਲਿਆਂ ‘ਚ ਘਿਰਿਆ ਹੋਇਆ ਹੈ, ਜਿਨ੍ਹਾਂ ‘ਚ ਖ਼ਾਸ ਤੌਰ ‘ਤੇ ਘਰੇਲੂ ਕਲੇਸ਼, ਕੋਰੋਨਾ ਵਾਇਰਸ ਦਾ ਪ੍ਰਕੋਪ, ਇਕਾਨਮੀ, ਇਮੀਗ੍ਰੇਸ਼ਨ, ਵਿਦੇਸ਼ੀ ਮਸਲੇ ਅਤੇ ਟਰੰਪ ਵੱਲੋਂ ਬਾਈਕਾਟ ਕੀਤੇ ਗਏ ਅਰਬੀ ਦੇਸ਼ ਆਦਿ। ਬਿਨਾਂ ਸ਼ੱਕ ਆਲਮੀ ਪੜਾਅ ‘ਤੇ ਉਸ ਦਾ ਕੰਮ ਵੀ ਮੁਸ਼ਕਲ ਹੋਵੇਗਾ। ਵਿਸ਼ਵ ਦੇ ਨੇਤਾਵਾਂ ਨੇ ਜੋਅ ਬਾਇਡੇਨ ਦੇ ਨਵੇਂ ਰਾਸ਼ਟਰਪਤੀ ਬਣਨ ‘ਤੇ ਵਧਾਈ ਦਿੱਤੀ ਤੇ ਵਿਦੇਸ਼ੀ ਮਾਮਲਿਆਂ ਵਿੱਚ ਕੁੱਝ ਨੀਤੀਆਂ ਨੂੰ ਉਲਟਾਉਣ ਦੀ ਅਪੀਲ ਵੀ ਕੀਤੀ।
ਰਾਸ਼ਟਰਪਤੀ ਟਰੰਪ ਉਦਘਾਟਨ ਵਿੱਚ ਸ਼ਾਮਲ ਨਹੀਂ ਹੋਏ ਅਤੇ ਉਹ ਆਪਣੇ ਨਵੇਂ ਬਣੇ ਰਾਸ਼ਟਰਪਤੀ ਦੀ ਸਹੁੰ ਚੁੱਕ ਸਮਾਗਮ ਵਿੱਚ ਨਾਂ ਜਾਣ ਵਾਲੇ 1869 ਤੋਂ ਬਾਅਦ ਪਹਿਲੇ ਰਾਸ਼ਟਰਪਤੀ ਬਣ ਗਏ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਮਰਥਕਾਂ ਨੂੰ ਰੋਕਣ ਲਈ ਅਮਰੀਕਾ ਦੀ ਕੈਪੀਟਲ (ਸੰਸਦ ਭਵਨ) ਵਿੱਚ ਅਤੇ ਆਲੇ-ਦੁਆਲੇ ਹਜ਼ਾਰਾਂ ਸੁਰੱਖਿਆ ਕਰਮੀਂ ਤਾਇਨਾਤ ਕੀਤੇ ਗਏ ਹਨ।