ਜੋਹੋਰ ਕੱਪ ਜੂਨੀਅਰ ਪੁਰਸ਼ ਹਾਕੀ ਟੂਰਨਾਮੈਂਟ ‘ਚ ਭਾਰਤ ਨੇ ਅਮਰੀਕਾ ਨੂੰ 22-0 ਨਾਲ ਦਰੜਿਆ

ਜੋਹੋਰ ਬਾਰੂ (ਮਲੇਸ਼ੀਆ), 25 ਅਕਤੂਬਰ – ਇੱਥੇ ਚੱਲ ਰਹੇ 7ਵੇਂ ਸੁਲਤਾਨ ਜੋਹੋਰ ਕੱਪ ਜੂਨੀਅਰ ਪੁਰਸ਼ ਹਾਕੀ ਟੂਰਨਾਮੈਂਟ ਦੇ ਲੀਗ ਮੈਚ ਵਿੱਚ ਭਾਰਤ ਨੇ ਅਮਰੀਕਾ ਨੂੰ 22-0 ਨਾਲ ਹਰਾ ਦਿੱਤਾ। ਭਾਰਤ ਵੱਲੋਂ ਹਰਮਨਜੀਤ ਸਿੰਘ ਨੇ 5 ਗੋਲ 25ਵੇਂ, 26ਵੇਂ, 40ਵੇਂ, 45ਵੇਂ ਤੇ 52ਵੇਂ ਮਿੰਟ ‘ਚ ਕੀਤੇ ਜਦੋਂ ਕਿ ਅਭਿਸ਼ੇਕ ਨੇ 4 ਗੋਲ 28ਵੇਂ, 37ਵੇਂ, 38ਵੇਂ ਤੇ 46ਵੇਂ ਮਿੰਟ ‘ਚ ਕੀਤੇ।
ਇਨ੍ਹਾਂ ਤੋਂ ਇਲਾਵਾ 3-3 ਗੋਲ ਵਿਸ਼ਾਲ ਪਾਟਿਲ 2ਜੇ, 30ਵੇਂ ਤੇ 40ਵੇਂ ਮਿੰਟ ਅਤੇ ਦਿਲਪ੍ਰੀਤ ਸਿੰਘ 3ਜੇ, 54ਵੇਂ ਅਤੇ 59ਵੇਂ ਮਿੰਟ ‘ਚ ਕੀਤੇ। ਮਨਿੰਦਰ ਸਿੰਘ ਨੇ 2 ਗੋਲ 42ਵੇਂ ਤੇ 43ਵੇਂ ਮਿੰਟ ‘ਚ ਕੀਤੇ। ਪ੍ਰਤਾਪ ਲਾਕੜਾ (2ਜੇ ਮਿੰਟ), ਐਮ. ਰਵਿਚੰਦਰ (7ਵੇਂ ਮਿੰਟ), ਰੌਸ਼ਨ ਕੁਮਾਰ (37ਵੇਂ ਮਿੰਟ), ਸ਼ਿਲਾਨੰਦ ਲਾਕੜਾ (47ਵੇਂ ਮਿੰਟ) ਅਤੇ ਵਿਵੇਕ ਪ੍ਰਸਾਦ (48ਵੇਂ ਮਿੰਟ) ਨੇ 1-1 ਗੋਲ ਕੀਤਾ। ਅਮਰੀਕਾ ਦੀ ਟੀਮ ਇੱਕ ਵੀ ਗੋਲ ਨਹੀਂ ਕਰ ਸੱਕੀ।
ਭਾਰਤੀ ਜੂਨੀਅਰ ਹਾਕੀ ਟੀਮ ਦੀ ਇਸ ਜਿੱਤ ਨੇ 1932 ਲਾਸ ਏਂਜਲਸ ਉਲੰਪਿਕਸ ਖੇਡਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ। ਇਨ੍ਹਾਂ ਖੇਡਾਂ ਵਿੱਚ ਮੇਜਰ ਧਿਆਨਚੰਦ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਅਮਰੀਕਾ ਨੂੰ ਹੀ 24-1 ਦੇ ਵੱਡੇ ਫ਼ਰਕ ਨਾਲ ਹਰਾਇਆ ਸੀ। ਇਸ ਟੂਰਨਾਮੈਂਟ ਵਿੱਚ ਅਮਰੀਕਾ ਨੂੰ ਭਾਰਤ ਤੋਂ ਪਹਿਲਾ ਆਸਟਰੇਲੀਆ ਨੇ 19-0 ਅਤੇ ਇੰਗਲੈਂਡ ਨੇ 11-0 ਨਾਲ ਹਰਾਇਆ ਸੀ। ਭਾਰਤ ਦੀ ਇਸ ਟੂਰਨਾਮੈਂਟ ਵਿੱਚ ਇਹ ਲਗਾਤਾਰ ਤੀਜੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤ ਨੇ ਜਾਪਾਨ ਨੂੰ 3-0 ਅਤੇ ਮੇਜ਼ਬਾਨ ਮਲੇਸ਼ੀਆ ਨੂੰ 2-1 ਨਾਲ ਹਰਾਇਆ ਹੈ।