ਝਾਰਖੰਡ ਸਿਆਸੀ ਸੰਕਟ: ਵਿਧਾਨ ਸਭਾ ’ਚ ਸੋਰੇਨ ਸਰਕਾਰ ਨੇ ਬਹੁਮਤ ਸਾਬਿਤ ਕੀਤਾ, ਭਾਜਪਾ ਵੱਲੋਂ ਵਿਧਾਨ ਸਭਾ ਵਿੱਚੋਂ ਵਾਕਆਊਟ

ਰਾਂਚੀ, 5 ਸਤੰਬਰ – ਝਾਰਖੰਡ ਵਿਚ ਹੇਮੰਤ ਸੋਰੇਨ ਦੀ ਸਰਕਾਰ ਨੇ ਅੱਜ ਵਿਧਾਨ ਸਭਾ ’ਚ ਬਹੁਮਤ ਸਾਬਿਤ ਕਰ ਦਿੱਤਾ ਹੈ। ਉਨ੍ਹਾਂ ਵੱਡੇ ਫ਼ਰਕ ਨਾਲ ਭਰੋਸੇ ਦਾ ਵੋਟ ਹਾਸਲ ਕਰ ਲਿਆ। ਇਸ ਨਾਲ ਹੁਣ ਆਦਿਵਾਸੀ ਆਗੂ ਤੇ ਮੁੱਖ ਮੰਤਰੀ ਸੋਰੇਨ ਦੀ ਰਾਜ ਉਤੇ ਪਕੜ ਮਜ਼ਬੂਤ ਹੋਵੇਗੀ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਵਿਧਾਇਕੀ ਖੁੱਸਣ ਦਾ ਖ਼ਦਸ਼ਾ ਹੈ ਤੇ ਇਸ ਨਾਲ ਜੇਐਮਐਮ ਦੀ ਅਗਵਾਈ ਵਾਲੀ ਸਰਕਾਰ ਦੇ ਕਮਜ਼ੋਰ ਪੈਣ ਬਾਰੇ ਵੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ। 81 ਮੈਂਬਰੀ ਵਿਧਾਨ ਸਭਾ ਵਿਚ ਅੱਜ 48 ਵਿਧਾਇਕਾਂ ਨੇ ਭਰੋਸੇ ਦੇ ਮਤੇ ਦੇ ਹੱਕ ਵਿਚ ਵੋਟ ਪਾਈ। ਇਨ੍ਹਾਂ ਵਿਚ ਜੇਐਮਐਮ ਦੇ 29 ਤੇ ਕਾਂਗਰਸ ਦੇ 15 ਵਿਧਾਇਕ ਸ਼ਾਮਲ ਹਨ। ਆਰਜੇਡੀ, ਐੱਨਸੀਪੀ ਤੇ ਸੀਪੀਆਈਐਮਐਲ (ਐਲ) ਦੇ ਇਕ-ਇਕ ਵਿਧਾਇਕ ਅਤੇ ਇਕ ਆਜ਼ਾਦ ਵਿਧਾਇਕ ਨੇ ਵੀ ਸੋਰੇਨ ਸਰਕਾਰ ਦੇ ਹੱਕ ਵਿਚ ਵੋਟ ਪਾਈ। ਜਦਕਿ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਨੇ ਵਾਕਆਊਟ ਕੀਤਾ।