ਟਰੰਪ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਚੁਣੇ ਗਏ

bn-qs667_trumpm_gr_20161109184837ਵਾਸ਼ਿੰਗਟਨ – ਅਮਰੀਕਾ ਦੇ ਇਤਿਹਾਸ ਵਿੱਚ 9 ਨਵੰਬਰ ਨੂੰ ਅਜਿਹਾ ਵਾਪਰਿਆ ਕਿ ਅਮਰੀਕਾ ਦੀ ਆਮ ਜਨਤਾ ਨੇ 70 ਸਾਲਾ ਡੋਨਲਡ ਟਰੰਪ ਨੂੰ ਆਪਣਾ 45ਵਾਂ ਰਾਸ਼ਟਰਪਤੀ ਚੁਣ ਲਿਆ ਹੈ ਅਤੇ ਵਾਈਟ ਹਾਊਸ ਪਹੁੰਚਾ ਦਿੱਤਾ ਹੈ। ਅਰਬਪਤੀ ਕਾਰੋਬਾਰੀ ਤੇ ਗੈਰ ਸਿਆਸੀ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਦੀ ਡੈਮੋਕਰੈਟ ਉਮੀਦਵਾਰ 69 ਸਾਲਾ ਹਿਲੇਰੀ ਕਲਿੰਟਨ ਉੱਪਰ ਹਾਸਲ ਕੀਤੀ ਜਿੱਤ ਨੇ ਪੂਰੀ ਦੁਨੀਆ ਨੂੰ ਹੈਰਾਨ ਕਰਨ ਦੇ ਨਾਲ-ਨਾਲ ਸਿਆਸੀ ਮਾਹਿਰਾਂ ਦੇ ਹਿਸਾਬ-ਕਿਤਾਬ ਨੂੰ ਝੂਠਾ ਸਾਬਤ ਕਰ ਦਿੱਤਾ। ਸ੍ਰੀ ਟਰੰਪ ਨੇ ਆਪਣੀ ਚੋਣ ਮੁਹਿੰਮ ਦੌਰਾਨ ਦਹਿਸ਼ਤਗਰਦੀ, ਇਮੀਗਰੇਸ਼ਨ ਅਤੇ ਨੌਕਰੀਆਂ ਵਿੱਚ ਅਮਰੀਕੀਆਂ ਨੂੰ ਵੱਧ ਤਵੱਜੋ ਦੇਣ ਦਾ ਐਲਾਨੇ ਕੀਤਾ ਸੀ ਗੌਰਤਲਬ ਹੈ ਕਿ ਲਗਭਗ 18 ਮਹੀਨੇ ਪਹਿਲਾਂ ਹੀ ਸਿਆਸਤ ਵਿੱਚ ਆਏ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੂੰ ਚੋਣ ਮੰਡਲ (ਇਲੈਕਟੋਰਲ ਵੋਟ) ਦੀਆਂ 290 ਵੋਟਾਂ ਹਾਸਲ ਹੋਈਆਂ ਜਦੋਂ ਕਿ ਵਿਰੋਧੀ ਡੈਮੋਕਰੈਟ ਉਮੀਦਵਾਰ ਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ 228 ਵੋਟਾਂ ਮਿਲੀਆਂ। ਅਮਰੀਕਾ ਦਾ ਰਾਸ਼ਟਰਪਤੀ ਚੁਣੇ ਜਾਣ ਲਈ ਉਮੀਦਵਾਰ ਨੂੰ ਚੋਣ ਮੰਡਲ ਦੀਆਂ ਕੁੱਲ 538 ਚੋਣ ਮੰਡਲ (ਇਲੈਕਟੋਰਲ ਵੋਟ) ਵੋਟਾਂ ਵਿੱਚੋਂ 270 ਵੋਟਾਂ ਹਾਸਲ ਕਰਨੀਆਂ ਜ਼ਰੂਰੀ ਹੁੰਦੀਆਂ ਹਨ। ਡੈਮੋਕਰੈਟ ਉਮੀਦਵਾਰ ਹਿਲੇਰੀ ਲਈ ਇਹ ਨਤੀਜਾ ਬਹੁਤ ਹੀ ਦੁਖਦਾਈ ਰਿਹਾ ਕਿਉਂਕਿ ਅਮਰੀਕਾ ਦੇ ਮਤਦਾਤਾਵਾਂ ਨੇ ਉਨ੍ਹਾਂ ਨੂੰ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣਨ ਦੇ ਯੋਗ ਨਹੀਂ ਸਮਝਿਆ। ਸੀਐਨਐਨ ਦੇ ਅਨੁਸਾਰ 50 ਵਿੱਚੋਂ 29 ਸੂਬੇ ਡੋਨਲਡ ਟਰੰਪ ਦੀ ਝੋਲੀ ਵਿੱਚ ਡਿੱਗੇ, ਜਦੋਂ ਕਿ ਹਿਲੇਰੀ ਕਲਿੰਟਨ ਨੂੰ ਸਿਰਫ਼ 18 ਸੂਬਿਆਂ ਵਿੱਚ ਹੀ ਕਾਮਯਾਬੀ ਮਿਲ ਸੱਕੀ।

ਰਾਸ਼ਟਰਪਤੀ ਅਹੁਦੇ ਚੋਣ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਸ੍ਰੀ ਟਰੰਪ ਨਿਊਯਾਰਕ ਸਥਿਤ ਅਪਣੇ ਚੋਣ ਦਫ਼ਤਰ ਪਹੁੰਚੇ। ਜਿੱਥੇ ਉਨ੍ਹਾਂ ਨੇ ਚੋਣ ਅਭਿਆਨ ਦੇ ਉਲਟ ਵਿੱਕਟਰੀ ਸਪੀਚ ਵਿੱਚ ਸਭ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ। ਆਪਣੇ ਆਪ ਨੂੰ ਸਾਰੇ ਅਮਰੀਕੀਆਂ ਦਾ ਰਾਸ਼ਟਰਪਤੀ ਦੱਸਦੇ ਹੋਏ ਦੇਸ਼ ਹਿਤ ਨੂੰ ਸਭ ਤੋਂ ਉੱਪਰ ਰਖਣ ਅਤੇ ਸ਼ਾਂਤੀ ਨਾਲ ਦੁਨੀਆ ਦੇ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਸ਼ਾਨਦਾਰ ਮੁਕਾਬਲੇ ਦੇ ਲਈ ਹਿਲੇਰੀ ਕਲਿੰਟਨ ਦਾ ਧੰਨਵਾਦ ਕੀਤਾ ਅਤੇ ਹਿਲੇਰੀ ਦੀ ਰੱਜ ਕੇ ਸ਼ਲਾਘਾ ਕੀਤੀ। ਉੱਥੇ ਹੀ ਹਿਲੇਰੀ ਨੇ ਚੋਣਾਂ ਤੋਂ ਬਾਅਦ ਦਾ ਰਵਾਇਤੀ ਭਾਸ਼ਣ ਨਹੀਂ ਦਿੱਤਾ ਤੇ ਫ਼ੋਨ ਰਾਹੀਂ ਸ੍ਰੀ ਟਰੰਪ ਨੂੰ ਜਿੱਤ ਦੀ ਵਧਾਈ ਦਿੱਤੀ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ੍ਰੀ ਟਰੰਪ ਨੂੰ ਜਿੱਤ ਲਈ ਫ਼ੋਨ ਕਰ ਕੇ ਵਧਾਈ ਦਿੱਤੀ। ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਡੋਨਲਡ ਟਰੰਪ ਨੂੰ ਜਿੱਤ ‘ਤੇ ਮੁਬਾਰਕਬਾਦ ਦਿੱਤੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ, ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਾਨ ਕੀ, ਇੰਗਲੈਂਡ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਸਣੇ ਦੁਨੀਆਂ ਭਰ ਦੇ ਹੋਰ ਆਗੂਆਂ ਨੇ ਵੀ ਉਨ੍ਹਾਂ ਨੂੰ ਵਧਾਈਆਂ ਦਿੱਤੀ ਹੈ।