ਟੀ-20 ਲੜੀ: ਭਾਰਤ ਦਾ ਲੜੀ ‘ਤੇ 3-0 ਨਾਲ ਕਬਜ਼ਾ, ਨਿਊਜ਼ੀਲੈਂਡ ਨੂੰ ਤੀਜਾ ਮੈਚ 73 ਦੌੜਾਂ ਨਾਲ ਹਰਾਇਆ

ਕੋਲਕਾਤਾ, 21 ਨਵੰਬਰ – ਮੇਜ਼ਬਾਨ ਭਾਰਤ ਨੇ ਕਪਤਾਨ ਰੋਹਿਤ ਸ਼ਰਮਾ ਦੀ ਧਮਾਕੇਦਾਰ ਅਰਥ ਸੈਂਕੜੇ ਦੀ ਪਾਰੀ ਤੇ ਅਕਸ਼ਰ ਪਟੇਲ ਦੀ ਫਿਰਕੀ ਗੇਂਦਬਾਜ਼ੀ ਦੇ ਦਮ ‘ਤੇ ਮਹਿਮਾਨ ਟੀਮ ਨਿਊਜ਼ੀਲੈਂਡ ਨੂੰ ਇੱਥੇ ਤੀਜੇ ਅਤੇ ਆਖ਼ਰੀ ਟੀ-20 ਮੈਚ ਵਿੱਚ 73 ਦੌੜਾਂ ਨਾਲ ਹਰਾ ਕੇ ਲੜੀ 3-0 ਨਾਲ ਕਬਜ਼ਾ ਕਰ ਲਿਆ।
ਭਾਰਤ ਨੇ ਪਹਿਲਾਂ ਖੇਡਦਿਆਂ 7 ਵਿਕਟਾਂ ਦੇ ਨੁਕਸਾਨ ‘ਤੇ 184 ਦੌੜਾਂ ਬਣਾਈਆਂ ਸਨ, ਰੋਹਿਤ ਨੇ 31 ਗੇਂਦਾਂ ‘ਤੇ ਪੰਜ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 56 ਦੌੜਾਂ ਬਣਾਈਆਂ।
ਇਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਟੀਮ 17.2 ਓਵਰਾਂ ਵਿੱਚ 111 ਦੌੜਾਂ ‘ਤੇ ਹੀ ਆਊਟ ਹੋ ਗਈ। ਨਿਊਜ਼ੀਲੈਂਡ ਦੇ ਸਿਰਫ਼ ਤਿੰਨ ਖਿਡਾਰੀ ਹੀ ਦੂਹਰੇ ਅੰਕ ਤੱਕ ਪੁੱਜ ਸਕੇ, ਮਾਰਟਿਨ ਗੁਪਟਿਲ ਨੇ ਸਭ ਤੋਂ ਵਧ 51 ਦੌੜਾਂ ਬਣਾਈਆਂ। ਭਾਰਤ ਵੱਲੋਂ ਅਕਸ਼ਰ ਪਟੇਲ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਉਸ ਨੇ 3 ਓਵਰਾਂ ਵਿੱਚ 9 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਹਰਸ਼ਲ ਪਟੇਲ ਨੇ 2, ਦੀਪਕ, ਯੁਜਵੇਂਦਰ ਤੇ ਵੈਂਕਟੇਸ਼ ਨੇ 1-1 ਵਿਕਟ ਲਿਆ।
ਭਾਰਤ ਨੇ ਜੈਪੁਰ ਵਿੱਚ ਪਹਿਲਾ ਮੈਚ 5 ਵਿਕਟਾਂ ਅਤੇ ਰਾਂਚੀ ਵਿੱਚ ਦੂਜਾ ਮੈਚ 7 ਵਿਕਟਾਂ ਨਾਲ ਜਿੱਤਿਆ ਸੀ।