ਟੀ-20 ਵਰਲਡ ਕੱਪ: ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਹਰਾ ਕੇ ਫਾਈਨਲ ‘ਚ ਥਾਂ ਬਣਾਈ

ਆਬੂਧਾਬੀ, 10 ਨਵੰਬਰ – ਟੀ-20 ਵਰਲਡ ਕੱਪ ਦੇ ਪਹਿਲੇ ਸੈਮੀ-ਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ‘ਮੈਨ ਆਫ਼ ਦਾ ਮੈਚ’ ਰਹੇ ਡੈਰਿਲ ਮਿਸ਼ੇਲ ਦੀ 47 ਗੇਂਦਾਂ ਵਿੱਚ 72 ਦੌੜਾਂ ਦੇ ਸ਼ਾਨਦਾਰ ਯੋਗਦਾਨ ਨੇ ਅੱਜ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚ ਗਿਆ। ਇੰਗਲੈਂਡ ਵੱਲੋਂ ਮਿਲੇ ਵੱਡੇ ਤੇ ਮੁਸ਼ਕਲ ਟੀਚੇ ਖ਼ਿਲਾਫ਼ ਸ਼ਾਨਦਾਰ ਬੱਲੇਬਾਜ਼ੀ ਦਾ ਮੁਜ਼ਾਹਰਾ ਕੀਤਾ, ਕਿਉਂਕਿ ਨਿਊਜ਼ੀਲੈਂਡ ਨੂੰ ਆਖ਼ਰੀ 24 ਗੇਂਦਾਂ ਵਿੱਚ 57 ਦੌੜਾਂ ਦੀ ਲੋੜ ਸੀ, ਉਸ ਨੂੰ ਇੱਕ ਓਵਰ ਰਹਿੰਦੇ ਪੂਰਾ ਕਰ ਲਿਆ ਅਤੇ ਇੰਗਲੈਂਡ ਤੋਂ 2019 ਦੇ ਵੰਨ-ਡੇ ਵਰਲਡ ਕੱਪ ਦੇ ਸੈਮੀ-ਫਾਈਨਲ ਮੁਕਾਬਲੇ ‘ਚ ਮਿਲੀ ਹਾਰ ਦਾ ਬਦਲਾ ਲੈ ਲਿਆ। ਜਿੱਥੇ ਬਾਊਂਡਰੀ ਕਾਊਂਟ ਦੇ ਆਧਾਰ ਉੱਤੇ ਇੰਗਲੈਂਡ ਦੀ ਟੀਮ ਬਾਜ਼ੀ ਮਾਰ ਕੇ ਚੈਂਪੀਅਨ ਬਣੀ ਸੀ, ਪਰ ਇਸ ਵਾਰ ਨਿਊਜ਼ੀਲੈਂਡ ਨੇ ਬਾਜ਼ੀ ਮਾਰ ਲਈ ਹੈ।
ਨਿਊਜ਼ੀਲੈਂਡ ਨੇ ਜਿੱਤ ਲਈ ਮਿਲੇ 167 ਦੌੜਾਂ ਦੇ ਟੀਚੇ ਨੂੰ 19ਵੇਂ ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਨਾਲ ਪੂਰਾ ਕਰ ਲਿਆ। ਟੀਮ ਹੁਣ ਫਾਈਨਲ ਵਿੱਚ 12 ਨਵੰਬਰ ਨੂੰ ਹੋਣ ਵਾਲੇ ਦੂਜੇ ਸੈਮੀ-ਫਾਈਨਲ ਮੁਕਾਬਲੇ ਦੇ ਜੇਤੂ ਨਾਲ ਖੇਡੇਗੀ, ਇਹ ਮੁਕਾਬਲਾ ਪਾਕਿਸਤਾਨ ਤੇ ਆਸਟਰੇਲੀਆ ਵਿਚਾਲੇ ਹੋਣਾ ਹੈ।
ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 166 ਦੌੜਾਂ ਬਣਾਈਆਂ ਸਨ। ਇੰਗਲੈਂਡ ਵੱਲੋਂ ਮੋਇਨ ਅਲੀ (51 ਨਾਬਾਦ) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ, ਉਸ ਤੋਂ ਬਾਅਦ ਡੇਵਿਡ ਮਲਾਨ (41), ਜੋਸ ਬਟਲਰ (29), ਲੀਅਮ ਲਿਵਿੰਗਸਟੋਨ (17) ਤੇ ਜੋਨੀ ਬੇਅਰਸਟੋ (13) ਨੇ ਦੌੜਾਂ ਬਣਾਈਆਂ।
ਇੰਗਲੈਂਡ ਦੀ ਟੀਮ ਵੱਲੋਂ ਮਿਲੇ 167 ਦੌੜਾਂ ਦੇ ਟੀਚੇ ਨੂੰ 19ਵੇਂ ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਨਾਲ ਇੱਕ ਓਵਰ ਬਾਕੀ ਰਹਿੰਦੇ ਪੂਰਾ ਕਰ ਲਿਆ। ਕੀਵੀ ਟੀਮ ਦੀ ਸ਼ੁਰੂਆਤ ਕੋਈ ਬਹੁਤੀ ਚੰਗੀ ਨਹੀਂ ਰਹੀ ਓਪਨਰ ਬੱਲੇਬਾਜ਼ ਮਾਰਟੀਨ ਗੁਪਟੀਲ 4 ਦੌੜਾਂ ਬਣਾ ਕੇ ਆਊਟ ਹੋ ਗਿਆ, ਉਸ ਤੋਂ ਬਾਅਦ ਜਲਦੀ ਹੀ ਕਪਤਾਨ ਕੇਨ ਵਿਲੀਅਮਸਨ ਵੀ 5 ਦੌੜਾਂ ਉੱਤੇ ਆਊਟ ਹੋ ਗਿਆ। ਕੀਵੀ ਟੀਮ ਨੂੰ ਜਿਤਾਉਣ ਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਡੈਰਿਲ ਮਿਸ਼ੇਲ ਨੇ 47 ਗੇਂਦਾਂ ‘ਚ 72 ਦੌੜਾਂ ਦੀ ਸ਼ਾਨਦਾਰ ਨਾਬਾਦ ਪਾਰੀ ਖੇਡੀ, ਉਨ੍ਹਾਂ ਦਾ ਸਾਥ ਕੀਵੀ ਖਿਡਾਰੀ ਡੇਵੋਨ ਕੋਨਵੇ (46) ਅਤੇ ਜਿੰਮੀ ਨੀਸ਼ਾਮ ਨੇ (27) ਦਿੱਤਾ। ਇੰਗਲੈਂਡ ਦੇ ਗੇਂਦਬਾਜ਼ ਆਖ਼ਰੀ ਓਵਰਾਂ ਵਿੱਚ ਸਕੋਰ ਨੂੰ ਰੋਕ ਨਹੀਂ ਸਕੇ, ਇੰਗਲੈਂਡ ਵੱਲੋਂ ਗੇਂਦਬਾਜ਼ ਕ੍ਰਿਸ ਵੋਕਸ ਤੇ ਲਿਆਮ ਲਿਵਿੰਗਸਟੋਨ ਨੇ 2-2 ਵਿਕਟ ਤੇ ਆਦਿਲ ਰਾਸ਼ੀਦ ਨੇ 1 ਵਿਕਟ ਲਿਆ।
ਗੌਰਤਲਬ ਹੈ ਕਿ ਨਿਊਜ਼ੀਲੈਂਡ ਨੂੰ ਜਿੱਤ ਲਈ ਆਖ਼ਰੀ 24 ਗੇਂਦਾਂ ਵਿੱਚ 57 ਦੌੜਾਂ ਦੀ ਲੋੜ ਸੀ, ਜਿਸ ਨੂੰ ਇੱਕ ਓਵਰ ਬਾਕੀ ਰਹਿੰਦੇ ਪੂਰਾ ਕਰ ਲਿਆ ਗਿਆ ਅਤੇ ਫਾਈਨਲ ਵਿੱਚ ਥਾਂ ਬਣਾਈ।