ਟੈੱਸਟ ਮੈਚ: ਭਾਰਤ ਨੇ ਆਸਟਰੇਲੀਆ ਨੂੰ ਦੂਜਾ ਟੈੱਸਟ ਮੈਚ 6 ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ, 19 ਫਰਵਰੀ – ਮੇਜ਼ਬਾਨ ਭਾਰਤ ਨੇ ਮਹਿਮਾਨ ਟੀਮ ਆਸਟਰੇਲੀਆ ਨੂੰ ਦੂਜੇ ਟੈੱਸਟ ਮੈਚ ਵਿੱਚ 6 ਵਿਕਟਾਂ ਨਾਲ ਮਾਤ ਦਿੱਤੀ। ਖੇਡ ਦੇ ਤੀਜੇ ਦਿਨ ਐਤਵਾਰ ਨੂੰ ਭਾਰਤ ਨੇ ਆਸਟਰੇਲੀਆ ਦੀ ਦੂਜੀ ਪਾਰੀ 113 ਦੌੜਾਂ ‘ਤੇ ਸਮੇਟ ਦਿੱਤੀ।
ਭਾਰਤ ਨੂੰ ਇਹ ਮੈਚ ਜਿੱਤਣ ਲਈ ਸਿਰਫ਼ 115 ਦੋੜਾਂ ਦੀ ਲੋੜ ਸੀ। ਰਵਿੰਦਰ ਜਡੇਜਾ ਨੇ 12.1 ਓਵਰਾਂ ਵਿੱਚ 42 ਦੌੜਾਂ ਦੇ ਕੇ ਆਸਟਰੇਲੀਆ ਦੇ 7 ਖਿਡਾਰੀ ਆਊਟ ਕੀਤੇ ਜਦੋਂ ਕਿ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ 3 ਖਿਡਾਰੀਆਂ ਨੂੰ ਪੈਵੀਅਨ ਪਹੁੰਚਾਇਆ। ਕਪਤਾਨ ਰੋਹਿਤ ਸ਼ਰਮਾ (31) ਤੇ ਚੇਤੇਸ਼ਵਰ ਪੁਜਾਰਾ (31 ਨਾਬਾਦ) ਨੇ ਟੀਮ ਇੰਡੀਆ ਨੂੰ ਜਿੱਤ ਲਈ ਲੋੜੀਂਦੇ 115 ਦੌੜਾਂ ‘ਤੇ ਟੀਚੇ ਤੱਕ ਪਹੁੰਚਣ ਲਈ ਅਹਿਮ ਮਦਦ ਕੀਤੀ। ਇਸ ਤਰ੍ਹਾਂ ਭਾਰਤੀ ਟੀਮ ਨੇ ਮੈਚ ਦੇ ਦੋ ਦਿਨ ਬਾਕੀ ਰਹਿੰਦਿਆਂ ਜਿੱਤ ਦਰਜ ਕੀਤੀ।
ਜ਼ਿਕਰਯੋਗ ਹੈ ਕਿ ਚਾਰ ਮੈਚਾਂ ਦੀ ਇਸ ਲੜੀ ਵਿੱਚ ਭਾਰਤ ਨੇ 2-0 ਨਾਲ ਬੜ੍ਹਤ ਬਣਾ ਲਈ ਹੈ। ਦੋਹਾਂ ਦੇਸ਼ਾਂ ਵਿਚਾਲੇ ਤੀਜਾ ਟੈੱਸਟ ਮੈਚ 1 ਮਾਰਚ ਤੋਂ ਇੰਦੌਰ ਵਿੱਚ ਖੇਡਿਆ ਜਾਵੇਗਾ।